ਮੌਨਸੂਨ ਸੈਸ਼ਨ: ਰਾਜ ਸਭਾ ਪੂਰੇ ਦਿਨ ਲਈ ਤੇ ਲੋਕ ਸਭਾ 3 ਵਜੇ ਤੱਕ ਮੁਲਤਵੀ, ਵਿਰੋਧੀ ਧਿਰਾਂ ਵੱਲੋਂ SIR ’ਤੇ ਦੋਵਾਂ ਸਦਨਾਂ ’ਚ ਹੰਗਾਮਾ
ਸੰਸਦ ਦੇ ਮੌਨਸੂਨ ਇਜਲਾਸ ਦੌਰਾਨ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਉੱਤੇ ਚਰਚਾ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਪਾਏ ਰੌਲੇ ਰੱਪੇ ਮਗਰੋਂ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਵਿਚ ਅੱਜ ਮੁੜ ਅੜਿੱਕਾ ਪਿਆ। ਵਿਰੋਧੀ ਧਿਰਾਂ ਦੇ ਹੰਗਾਮੇ ਕਰਕੇ ਦੋਵਾਂ ਸਦਨਾਂ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਰਾਜ ਸਭਾ 12 ਵਜੇ ਮੁੜ ਜੁੜੀ ਤਾਂ ਵਿਰੋਧੀ ਧਿਰਾਂ ਆਪਣੀ ਮੰਗ ਨੂੰ ਲੈ ਕੇ ਬਜ਼ਿੱਦ ਰਹੀਆਂ ਤੇ ਮੈਂਬਰ ਨਾਅਰੇਬਾਜ਼ੀ ਕਰਦੇ ਰਹੇ। ਮੈਂਬਰਾਂ ਵੱਲੋਂ ਹੰਗਾਮਾ ਜਾਰੀ ਰਿਹਾ ਤਾਂ ਉਪਰਲੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।
ਉਧਰ ਲੋਕ ਸਭਾ ਦੀ ਕਾਰਵਾਈ 12 ਵਜੇ ਮੁੜ ਜੁੜਨ ਮਗਰੋਂ ਦੁਪਹਿਰ 3 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ ਹੈ। ਹੇਠਲੇ ਸਦਨ ਦੇ ਮੈਂਬਰਾਂ ਨੇ ਬਿਹਾਰ ’ਚ ਵੋਟਰਾਂ ਦੀ ਵਿਆਪਕ ਸੁਧਾਈ ਤੇ ਹੋਰਨਾਂ ਮੁੱਦਿਆਂ ’ਤੇ ਚਰਚਾ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਜਾਰੀ ਰੱਖੀ। ਉਂਝ ਅੱਜ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਅੱਜ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਬਾਰੇ ਸੰਸਦੀ ਕਮੇਟੀ ਦੇ ਮੈਂਬਰਾਂ ਨੂੰ ਵੀ ਮਿਲੇ।