Money-laundering Case: ਮਨੀ ਲਾਂਡਰਿੰਗ ਕੇਸ ’ਚ ਰਾਸ਼ਟਰਪਤੀ ਨੇ ‘ਆਪ’ ਆਗੂ ਸਤੇਂਦਰ ਜੈਨ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦਿੱਤੀ
ਈਡੀ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ; ਗ੍ਰਹਿ ਮੰਤਰਾਲੇ ਨੇ ਕੀਤੀ ਸੀ ਰਾਸ਼ਟਰਪਤੀ ਤੋਂ ਪ੍ਰਵਾਨਗੀ ਦੇਣ ਦੀ ਮੰਗ
ਨਵੀਂ ਦਿੱਲੀ, 18 ਫਰਵਰੀ
Money-laundering Case: ਰਾਸ਼ਟਰਪਤੀ ਦਰੋਪਦੀ ਮੁਰਮੂ (President Droupadi Murmu) ਨੇ ਮਨੀ ਲਾਂਡਰਿੰਗ ਕੇਸ ਵਿਚ ਆਮ ਆਦਮੀ ਪਾਰਟੀ (ਆਪ) ਦੇ ਆਗੂ ਤੇ ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ (AAP leader and former Delhi minister Satyendar Jain) ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਮਾਮਲੇ ਦੀ ਜਾਂਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਕੀਤੀ ਜਾ ਰਹੀ ਹੈ।
ਜੈਨ (60) ਖ਼ਿਲਾਫ਼ ਭਾਰਤੀ ਨਾਗਰਿਕ ਸੁੁਰਕਸ਼ਾ ਸੰਹਿਤਾ (BNS) ਦੀ ਧਾਰਾ 218 ਤਹਿਤ ਮਨਜ਼ੂਰੀ ਮੰਗੀ ਗਈ ਸੀ। ਇਹ ਧਾਰਾ ਲੋਕ ਸੇਵਕਾਂ ਤੇ ਜੱਜਾਂ ਖ਼ਿਲਾਫ਼ ਮੁਕੱਦਮੇ ਚਲਾਏ ਜਾਣ ਨਾਲ ਸਬੰਧਤ ਹੈ।
ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰਾਲੇ ਨੇ ਈਡੀ ਦੀ ਜਾਂਚ ਅਤੇ ‘ਢੁੱਕਵੇਂ ਸਬੂਤਾਂ’ ਦੇ ਅਧਾਰ ’ਤੇ ਸਤੇਂਦਰ ਜੈਨ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਲਈ ਰਾਸ਼ਟਰਪਤੀ ਨੂੰ ਅਪੀਲ ਕੀਤੀ ਸੀ। ਸੂਤਰਾਂ ਅਨੁਸਾਰ ਹੁਣ ਈਡੀ ਵੱਲੋਂ ਇੱਕ ਨਵੀਂ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰਕੇ ਅਦਾਲਤ ਨੂੰ ਰਾਸ਼ਟਰਪਤੀ ਵੱਲੋਂ ਮੁਕੱਦਮਾ ਚਲਾਉਣ ਬਾਰੇ ਮਿਲੀ ਮਨਜ਼ੂਰੀ ਬਾਰੇ ਜਾਣਕਾਰੀ ਦਿੱਤੇ ਜਾਣ ਦੀ ਉਮੀਦ ਹੈ।
ਗ਼ੌਰਤਲਬ ਹੈ ਕਿ ਈਡੀ ਨੇ ਜੈਨ ਖ਼ਿਲਾਫ਼ ਕਥਿਤ ਹਵਾਲਾ ਸੌਦਿਆਂ ਨਾਲ ਸਬੰਧਤ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ ਅਤੇ ਮਈ 2022 ’ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਵੇਲੇ ਸਤੇਂਦਰ ਜੈਨ ਜ਼ਮਾਨਤ ਤਹਿਤ ਜੇਲ੍ਹ ਤੋਂ ਬਾਹਰ ਹੈ। -ਪੀਟੀਆਈ