ਮੋਦੀ ਵੱਲੋਂ ਦਲਾਈ ਲਾਮਾ ਨੂੰ ਜਨਮ ਦਿਨ ਦੀ ਵਧਾਈ ਚੀਨ ਨੂੰ ਰੜਕੀ
ਪੇਈਚਿੰਗ, 7 ਜੁਲਾਈ
ਚੀਨ ਨੇ ਅੱਜ ਕਿਹਾ ਕਿ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਲਾਈ ਲਾਮਾ ਨੂੰ ਉਨ੍ਹਾਂ ਦੇ 90ਵੇਂ ਜਨਮ ਦਿਨ ’ਤੇ ਵਧਾਈ ਦਿੱਤੇ ਜਾਣ ਅਤੇ ਸਮਾਰੋਹ ਵਿੱਚ ਭਾਰਤੀ ਆਗੂਆਂ ਤੇ ਅਧਿਕਾਰੀਆਂ ਦੀ ਹਾਜ਼ਰੀ ਨੂੰ ਲੈ ਕੇ ਭਾਰਤ ਕੋਲ ਵਿਰੋਧ ਦਰਜ ਕਰਵਾਇਆ ਹੈ। ਚੀਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਭਾਰਤ ਨੂੰ ਤਿੱਬਤ ਨਾਲ ਸਬੰਧਤ ਮੁੱਦਿਆਂ ’ਤੇ ਪੇਈਚਿੰਗ ਦੀ ਸੰਵੇਦਨਸ਼ੀਲਤਾ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਤਿੱਬਤ ਨਾਲ ਸਬੰਧਤ ਮਾਮਲਿਆਂ ’ਤੇ ਚੀਨ ਦੀ ਸਥਿਤੀ ਇਕਸਾਰ ਤੇ ਸਪੱਸ਼ਟ ਹੈ ਅਤੇ ਇਹ ਸਾਰਿਆਂ ਨੂੰ ਪਤਾ ਹੈ। ਮਾਓ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਲਾਈ ਲਾਮਾ ਨੂੰ ਉਨ੍ਹਾਂ ਦੇ 90ਵੇਂ ਜਨਮ ਦਿਨ ’ਤੇ ਵਧਾਈ ਦਿੱਤੇ ਜਾਣ ਅਤੇ ਉਨ੍ਹਾਂ ਦੇ ਜਨਮ ਦਿਨ ਸਮਾਰੋਹ ਵਿੱਚ ਸੀਨੀਅਰ ਭਾਰਤੀ ਅਧਿਕਾਰੀਆਂ ਦੀ ਹਾਜ਼ਰੀ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੀ ਸੀ। -ਪੀਟੀਆਈ
ਭਾਰਤ ਨੂੰ ਸਮਝਦਾਰੀ ਨਾਲ ਕੰਮ ਕਰਨਾ ਚਾਹੀਦੈ: ਨਿੰਗ
ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਓ ਨਿੰਗ ਨੇ ਕਿਹਾ ਕਿ ਭਾਰਤ ਨੂੰ ਸ਼ਿਜ਼ਾਂਗ ਨਾਲ ਸਬੰਧਤ ਮੁੱਦਿਆਂ ਦੀ ਸੰਵੇਦਨਸ਼ੀਲਤਾ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ ਅਤੇ 14ਵੇਂ ਦਲਾਈ ਲਾਮਾ ਦੇ ਵੱਖਵਾਦੀ ਸੁਭਾਅ ਨੂੰ ਪਛਾਣਨਾ ਚਾਹੀਦਾ ਹੈ ਅਤੇ ਸ਼ਿਜ਼ਾਂਗ ਨਾਲ ਸਬੰਧਤ ਮੁੱਦਿਆਂ ’ਤੇ ਚੀਨ ਪ੍ਰਤੀ ਆਪਣੀ ਵਚਨਬੱਧਤਾ ਦਾ ਸਾਹਮਣਾ ਕਰਨਾ ਚਾਹੀਦਾ ਹੈ। ਤਰਜਮਾਨ ਨੇ ਕਿਹਾ ਕਿ ਭਾਰਤ ਨੂੰ ਸਮਝਦਾਰੀ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਬੋਲਣਾ ਚਾਹੀਦਾ ਹੈ ਅਤੇ ਇਸ ਮੁੱਦੇ ਦਾ ਇਸਤੇਮਾਲ ਚੀਨ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇਣ ਲਈ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਤੇ ਚੀਨ ਨੇ ਭਾਰਤੀ ਧਿਰ ਕੋਲ ਵਿਰੋਧ ਦਰਜ ਕਰਵਾਇਆ ਹੈ।