ਮੋਦੀ ਸੱਤ ਸਾਲ ਬਾਅਦ ਚੀਨ ਪੁੱਜੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ ਜਪਾਨ ਦਾ ਅਧਿਕਾਰਤ ਦੌਰਾ ਮੁਕੰਮਲ ਕਰਕੇ ਦੋ ਰੋਜ਼ਾ ਯਾਤਰਾ ’ਤੇ ਚੀਨ ਪਹੁੰਚ ਗਏ ਹਨ। ਸੱਤ ਸਾਲ ਤੋਂ ਵੀ ਵੱਧ ਸਮੇਂ ਬਾਅਦ ਚੀਨ ਦੀ ਇਹ ਉਨ੍ਹਾਂ ਦੀ ਪਹਿਲੀ ਯਾਤਰਾ ਹੈ। ਇਹ ਯਾਤਰਾ ਅਜਿਹੇ ਸਮੇਂ ਹੋ ਰਹੀ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਟੈਰਿਫ ਨੀਤੀ ਕਾਰਨ ਭਾਰਤ ਤੇ ਅਮਰੀਕਾ ਦੇ ਸਬੰਧਾਂ ’ਚ ਨਿਘਾਰ ਆ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਮੁੱਖ ਤੌਰ ’ਤੇ ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੇ 31 ਅਗਸਤ ਤੇ 1 ਸਤੰਬਰ ਨੂੰ ਹੋਣ ਵਾਲੇ ਸਾਲਾਨਾ ਸਿਖ਼ਰ ਸੰਮੇਲਨ ’ਚ ਹਿੱਸਾ ਲੈਣ ਲਈ ਚੀਨ ਵਿੱਚ ਹਨ। ਉਨ੍ਹਾਂ ਦਾ ਭਲਕੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦੁਵੱਲੀ ਮੀਟਿੰਗ ਕਰਨ ਦਾ ਵੀ ਪ੍ਰੋਗਰਾਮ ਹੈ। ਮੋਦੀ ਤੇ ਜਿਨਪਿੰਗ ਦੀ ਮੀਟਿੰਗ ਇਸ ਲਈ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਭਾਰਤ ਤੇ ਚੀਨ ਟਰੰਪ ਦੀ ਟੈਰਿਫ ਨੀਤੀ ਕਾਰਨ ਆਲਮੀ ਵਪਾਰ ’ਚ ਪੈਦਾ ਹੋਏ ਤਣਾਅ ਵਿਚਾਲੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਵਿਚਾਰ ਕਰ ਰਹੇ ਹਨ। ਮੀਟਿੰਗ ’ਚ ਮੋਦੀ ਤੇ ਜਿਨਪਿੰਗ ਵੱਲੋਂ ਭਾਰਤ-ਚੀਨ ਸਬੰਧਾਂ ਦਾ ਜਾਇਜ਼ਾ ਲੈਣ ਤੇ ਪੂਰਬੀ ਲੱਦਾਖ ’ਚ ਸਰਹੱਦੀ ਵਿਵਾਦ ਮਗਰੋਂ ਰਿਸ਼ਤਿਆਂ ’ਚ ਵਧੀ ਤਲਖੀ ਦੂਰ ਕਰਨ ਦੇ ਉਪਾਵਾਂ ਬਾਰੇ ਵਿਚਾਰ-ਚਰਚਾ ਕੀਤੇ ਜਾਣ ਦੀ ਸੰਭਾਵਨਾ ਹੈ। ਐੱਸ ਸੀ ਓ ਸਿਖ਼ਰ ਸੰਮੇਲਨ ਦੌਰਾਨ ਮੋਦੀ ਵੱਲੋਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਤੇ ਕਈ ਹੋਰ ਆਗੂਆਂ ਨਾਲ ਦੁਵੱਲੀ ਵਾਰਤਾ ਕਰਨ ਦੀ ਸੰਭਾਵਨਾ ਹੈ।
ਤਿਆਨਜਿਨ ਦੀ ਯਾਤਰਾ ਤੋਂ ਪਹਿਲਾਂ ਮੋਦੀ ਨੇ ਕਿਹਾ ਸੀ ਕਿ ਆਲਮੀ ਅਰਥਚਾਰੇ ’ਚ ਸਥਿਰਤਾ ਲਿਆਉਣ ਲਈ ਭਾਰਤ ਤੇ ਚੀਨ ਦਾ ਮਿਲ ਕੇ ਕੰਮ ਕਰਨਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਮੋਦੀ ਦੀ ਚੀਨ ਯਾਤਰਾ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਭਾਰਤ ਯਾਤਰਾ ਤੋਂ ਇੱਕ ਪੰਦਰਵਾੜੇ ਤੋਂ ਵੀ ਘੱਟ ਸਮੇਂ ਬਾਅਦ ਹੋ ਰਹੀ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯਾਤਰਾ ਦੌਰਾਨ ਜਪਾਨ ਤੇ ਭਾਰਤ ਨੇ 13 ਅਹਿਮ ਸਮਝੌਤਿਆਂ ਤੇ ਐਲਾਨਾਂ ਨੂੰ ਅੰਤਿਮ ਰੂਪ ਦਿੱਤਾ। ਚੀਨ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਜਪਾਨ ਦੇ ਮਿਆਗੀ ਸੂਬੇ ਦੇ ਸੇਂਡਾਈ ਸਥਿਤ ਸੈਮੀਕੰਡਕਰ ਪਲਾਂਟ ਦਾ ਦੌਰਾ ਕੀਤਾ। ਮੋਦੀ ਆਪਣੇ ਜਪਾਨੀ ਹਮਰੁਤਬਾ ਇਸ਼ੀਬਾ ਨਾਲ ਬੁਲੇਟ ਟਰੇਨ ਰਾਹੀਂ ਸੇਂਡਾਈ ਪੁੱਜੇ। ਸੇਂਡਾਈ ਟੋਕੀਓ ਤੋਂ 300 ਕਿਲੋਮੀਟਰ ਤੋਂ ਵੱਧ ਦੂਰੀ ’ਤੇ ਸਥਿਤ ਹੈ। ਪ੍ਰਧਾਨ ਮੰਤਰੀ ਇਸ਼ੀਬਾ ਨੇ ਮੋਦੀ ਦੇ ਸਨਮਾਨ ’ਚ ਦੁਪਹਿਰ ਦੇ ਖਾਣੇ ਦੀ ਮੇਜ਼ਬਾਨੀ ਕੀਤੀ ਜਿਸ ’ਚ ਮਿਆਗੀ ਸੂਬੇ ਦੇ ਗਵਰਨਰ ਤੇ ਹੋਰ ਹਸਤੀਆਂ ਸ਼ਾਮਲ ਹੋਈਆਂ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਟੋਕੀਓ ’ਚ ਜਪਾਨ ਦੇ 16 ਸੂਬਿਆਂ ਦੇ ਗਵਰਨਰ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਜਪਾਨ ਵਿਸ਼ੇਸ਼ ਰਣਨੀਤਕ ਤੇ ਆਲਮੀ ਭਾਈਵਾਲੀ ਤਹਿਤ ਸਹਿਯੋਗ ਮਜ਼ਬੂਤ ਕੀਤੇ ਜਾਣ ਦਾ ਸੱਦਾ ਦਿੱਤਾ।
ਸਿਹਤ ਸਬੰਧੀ ਕਾਰਨਾਂ ਕਰਕੇ ਚੀਨ ਨਹੀਂ ਗਏ ਜੈਸ਼ੰਕਰ
ਨਵੀਂ ਦਿੱਲੀ (ਅਜੈ ਬੈਨਰਜੀ): ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਐਸ ਸੀ ਓ ਸਿਖਰ ਸੰਮੇਲਨ ਲਈ ਚੀਨ ਨਹੀਂ ਜਾ ਰਹੇ। ਉਹ ਭਲਕੇ ਪ੍ਰਧਾਨ ਮੰਤਰੀ ਮੰਤਰੀ ਮੋਦੀ ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋਣ ਵਾਲੀ ਅਹਿਮ ਦੁਵੱਲੀ ਮੀਟਿੰਗ ’ਚ ਵੀ ਸ਼ਾਮਲ ਨਹੀਂ ਹੋਣਗੇ। ਸੂਤਰਾਂ ਨੇ ਪੁਸ਼ਟੀ ਕੀਤੀ ਕਿ ਜੈਸ਼ੰਕਰ ਨੂੰ ਕੁਝ ਸਿਹਤ ਸਬੰਧੀ ਸਮੱਸਿਆਵਾਂ ਹਨ ਜਿਸ ਕਾਰਨ ਉਹ ਚੀਨ ਨਹੀਂ ਜਾ ਸਕਣਗੇ। ਉਹ ਮੋਦੀ ਦੀ ਜਪਾਨ ਯਾਤਰਾ ਦੌਰਾਨ ਵੀ ਹਾਜ਼ਰ ਨਹੀਂ ਸਨ। ਕੱਲ ਟੋਕੀਓ ’ਚ ਮੋਦੀ ਦੀ ਆਪਣੇ ਜਪਾਨੀ ਹਮਰੁਤਬਾ ਸ਼ਿਗੇਰੂ ਇਸ਼ੀਬਾ ਨਾਲ ਦੁਵੱਲੀ ਮੀਟਿੰਗ ਦੌਰਾਨ ਜੈਸ਼ੰਕਰ ਦੀ ਗ਼ੈਰ ਹਾਜ਼ਰੀ ਦਾ ਪਤਾ ਲੱਗਾ। ਵਿਦੇਸ਼ ਮੰਤਰਾਲੇ ਵੱਲੋਂ ਐਕਸ ’ਤੇ ਜਾਰੀ ਤਸਵੀਰਾਂ ’ਚ ਮੋਦੀ ਦੇ ਸੱਜੇ ਪਾਸੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਖੜ੍ਹੇ ਦਿਖਾਈ ਦੇ ਰਹੇ ਹਨ। ਰਵਾਇਤ ਅਨੁਸਾਰ ਵਿਦੇਸ਼ ਮੰਤਰੀ, ਪ੍ਰਧਾਨ ਮੰਤਰੀ ਦੇ ਸੱਜੇ ਪਾਸੇ ਖੜ੍ਹੇ ਹੁੰਦੇ ਹਨ।
ਮੋਦੀ ਨੇ ਇਸ਼ੀਬਾ ਨੂੰ ਤੋਹਫੇ ’ਚ ਦਿੱਤੀਆਂ ਕੀਮਤੀ ਚੌਪਸਟਿੱਕ ਤੇ ਕੌਲੀਆਂ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਪਾਨੀ ਹਮਰੁਤਬਾ ਸ਼ਿਰੇਗੂ ਇਸ਼ੀਬਾ ਨੂੰ ਚਾਂਦੀ ਦੀਆਂ ਚੌਪਸਟਿੱਕ ਤੇ ਕੀਮਤੀ ਰਤਨਾਂ ਨਾਲ ਬਣੀਆਂ ਰੇਮਨ ਕੌਲੀਆਂ ਤੋਹਫ਼ੇ ’ਚ ਦਿੱਤੀਆਂ ਹਨ। ਮੋਦੀ ਨੇ ਜਪਾਨ ਦੀ ਯਾਤਰਾ ਦੌਰਾਨ ਇਸ਼ੀਬਾ ਦੀ ਪਤਨੀ ਨੂੰ ਪਸ਼ਮੀਨਾ ਸ਼ਾਲ ਭੇਟ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਚੀਨ ਕੀਮਤੀ ਰਤਨ ਨਾਲ ਬਣੀਆਂ ਇਹ ਕੌਲੀਆਂ ਤੇ ਚਾਂਦੀ ਦੀਆਂ ਚੌਪਸਟਿਕ ਭਾਰਤੀ ਤੇ ਜਪਾਨੀ ਕਲਾ ਦੀ ਰਵਾਇਤ ਦਾ ਅਨੋਖਾ ਮੇਲ ਹੈ। ਉਨ੍ਹਾਂ ਦੱਸਿਆ ਕਿ ‘ਮੂਨ ਸਟੋਨ’ (ਚੰਦਰ ਮਣੀ) ਨਾਲ ਬਣੀਆਂ ਚਾਰ ਛੋਟੀਆਂ ਕੌਲੀਆਂ ਨਾਲ ਭੂਰੇ ਰੰਗ ਦਾ ਕਟੋਰਾ ਤੇ ਚਾਂਦੀ ਦੀਆਂ ਚੌਪਸਟਿਕ ਜਪਾਨ ਦੀ ਡੋਨਬੁਰੀ ਤੇ ਸੋਬਾ ਰਵਾਇਤ ਤੋਂ ਪ੍ਰੇਰਿਤ ਹੈ। -ਪੀਟੀਆਈ
ਮੋਦੀ ਵੱਲੋਂ ਜ਼ੇਲੈਂਸਕੀ ਨਾਲ ਫੋਨ ’ਤੇ ਗੱਲਬਾਤ
ਤਿਆਨਜਿਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਸੁਨੇਹਾ ਦਿੱਤਾ ਕਿ ਭਾਰਤ, ਯੂਕਰੇਨ ’ਚ ਜੰਗ ਖਤਮ ਕਰਨ ਦੀਆਂ ਸਾਰੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦਾ ਹੈ। ਜ਼ੇਲੈਂਸਕੀ ਵੱਲੋਂ ਸ਼ੁਰੂ ਕੀਤੀ ਗਈ ਫੋਨ ’ਤੇ ਗੱਲਬਾਤ ’ਚ ਮੋਦੀ ਨੇ ਜੰਗ ਦੇ ਸ਼ਾਂਤੀਪੂਰਨ ਹੱਲ ਲਈ ਭਾਰਤ ਦੇ ਦ੍ਰਿੜ੍ਹ ਤੇ ਸਥਿਰ ਰੁਖ਼ ਦੀ ਪੁਸ਼ਟੀ ਕੀਤੀ। ਇਹ ਗੱਲਬਾਤ ਚੀਨ ’ਚ ਰੂਸੀ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨਾਲ ਮੋਦੀ ਦੀ ਮੀਟਿੰਗ ਤੋਂ ਦੋ ਦਿਨ ਪਹਿਲਾਂ ਹੋਈ ਹੈ। ਮੋਦੀ ਨੇ ਐਕਸ ’ਤੇ ਕਿਹਾ, ‘ਰਾਸ਼ਟਰਪਤੀ ਜ਼ੇਲੈਂਸਕੀ ਦਾ ਅੱਜ ਫੋਨ ਕਾਲ ਲਈ ਧੰਨਵਾਦ। ਅਸੀਂ ਚੱਲ ਰਹੇ ਸੰਘਰਸ਼, ਉਸ ਦੇ ਮਨੁੱਖੀ ਪੱਖਾਂ ਅਤੇ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਬਾਰੇ ਵਿਚਾਰ-ਚਰਚਾ ਕੀਤੀ। ਭਾਰਤ ਇਸ ਦਿਸ਼ਾ ’ਚ ਸਾਰੀਆਂ ਕੋਸ਼ਿਸ਼ਾਂ ਨੂੰ ਪੂਰੀ ਹਮਾਇਤ ਦਿੰਦਾ ਹੈ।’ -ਪੀਟੀਆਈ
ਟਰੰਪ ਦੀ ਭਾਰਤ ’ਚ ਕੁਆਡ ਸੰਮੇਲਨ ’ਚ ਸ਼ਾਮਲ ਹੋਣ ਦੀ ਯੋਜਨਾ ਨਹੀਂ
ਨਿਊਯਾਰਕ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਸ ਸਾਲ ਦੇ ਅਖ਼ੀਰ ਵਿੱਚ ਕੁਆਡ ਸਿਖਰ ਸੰਮੇਲਨ ਲਈ ਭਾਰਤ ਆਉਣ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ। ‘ਨਿਊਯਾਰਕ ਟਾਈਮਜ਼’ ਨੇ ਅੱਜ ਇਹ ਦਾਅਵਾ ਕੀਤਾ ਹੈ। ਮੀਡੀਆ ਰਿਪੋਰਟ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਅਮਰੀਕੀ ਆਗੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਰਿਸ਼ਤੇ ਕਿਵੇਂ ਵਿਗੜ ਗਏ। ਇਸ ਰਿਪੋਰਟ ਸਬੰਧੀ ਅਮਰੀਕਾ ਜਾਂ ਭਾਰਤ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਨਹੀਂ ਆਈ। ਭਾਰਤ ਇਸ ਸਾਲ ਦੇ ਅਖ਼ੀਰ ਵਿੱਚ ਕੁਆਡ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ। -ਪੀਟੀਆਈ