ਭਾਰਤ ਤੇ ਪਾਕਿਸਤਾਨ ਵਿਚਾਲੇ ‘ਗੋਲੀਬੰਦੀ’ ਬਾਰੇ ਜਵਾਬ ਦੇਣ ਮੋਦੀ: ਬਘੇਲ
ਜਬਲਪੁਰ, 31 ਮਈ
ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਗਾਮ ’ਚ ‘ਸੁਰੱਖਿਆ ਪ੍ਰਬੰਧ ਨਾ ਕੀਤੇ ਜਾਣ’, ਅਪਰੇਸ਼ਨ ਸਿੰਧੂਰ ਤਹਿਤ ਇਸ ਹਮਲੇ ਦੇ ਸਾਜ਼ਿਸ਼ਘਾੜਿਆਂ ਦੇ ਟਿਕਾਣਿਆਂ ’ਤੇ ਕਾਰਵਾਈ ਕਾਰਨ ਭਾਰਤ ਤੇ ਪਾਕਿਸਤਾਨ ਵਿਚਾਲੇ ਚਾਰ ਦਿਨ ਤੱਕ ਜਾਰੀ ਰਹੇ ਜੰਗੀ ਤਣਾਅ ਮਗਰੋਂ ਹੋਈ ‘ਗੋਲੀਬੰਦੀ’ ਬਾਰੇ ਜਵਾਬ ਦੇਣਾ ਚਾਹੀਦਾ ਹੈ।
ਇੱਥੇ ਕਾਂਗਰਸ ਦੀ ‘ਜੈ ਹਿੰਦ ਸਭਾ’ ਨੂੰ ਸੰਬੋਧਨ ਕਰਦਿਆਂ ਬਘੇਲ ਨੇ ਭਾਜਪਾ ’ਤੇ ਅਪਰੇਸ਼ਨ ਸਿੰਧੂਰ ਦਾ ਸਿਆਸੀਕਰਨ ਕਰਨ ਦਾ ਦੋਸ਼ ਲਾਇਆ ਤੇ ਕਿਹਾ ਕਿ ਦੇਸ਼ ਦੇ ਹਥਿਆਰਬੰਦ ਬਲ ਕਿਸੇ ਪਾਰਟੀ ਨਾਲ ਸਬੰਧ ਨਹੀਂ ਰੱਖਦੇ। ਬਘੇਲ ਨੇ ਕਿਹਾ, ‘ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਪਹਿਲਗਾਮ ’ਚ ਸੁਰੱਖਿਆ ਬੰਦੋਬਸਤ ਕਿਉਂ ਨਹੀਂ ਕੀਤੇ ਗਏ ਸਨ। ਉਹ ਚਾਰ ਅਤਿਵਾਦੀ ਕਿੱਥੇ ਹਨ? ਕੀ ਗੋਲੀਬੰਦੀ ਅਮਰੀਕਾ ਦੇ ਦਬਾਅ ਹੇਠ ਕੀਤੀ ਗਈ ਸੀ ਅਤੇ ਗੋਲੀਬੰਦੀ ਦਾ ਫ਼ੈਸਲਾ ਕਿਸ ਨੇ ਲਿਆ ਸੀ। ਅਫਸਰਾਂ ਨੇ ਜਾਂ ਸਰਕਾਰ ਨੇ।’
ਉਨ੍ਹਾਂ ਦੋਸ਼ ਲਾਇਆ, ‘ਭਾਜਪਾ ਅਪਰੇਸ਼ਨ ਸਿੰਧੂਰ ਦਾ ਸਿਆਸੀਕਰਨ ਕਰ ਰਹੀ ਹੈ। ਭਾਜਪਾ ਦੇ ਵਰਕਰ ਸਿੰਧੂਰ ਵੰਡਣਗੇ।’ ਬਘੇਲ ਨੇ ਕਿਹਾ, ‘ਸਾਡੇ ਹਥਿਆਰਬੰਦ ਬਲ ਪੂਰੇ ਦੇਸ਼ ਤੇ ਉਸ ਦੇ ਲੋਕਾਂ ਦੇ ਹਨ ਨਾ ਕਿ ਕਿਸੇ ਸਿਆਸੀ ਪਾਰਟੀ ਜਾਂ ਸਰਕਾਰ ਦੇ। ਸਾਨੂੰ ਸਾਰਿਆਂ ਨੂੰ ਸਾਡੀ ਸੈਨਾ ਦੀ ਬਹਾਦਰੀ ’ਤੇ ਮਾਣ ਹੈ।’ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਫ਼ੈਸਲਿਆਂ ਤੇ ਨੀਤੀਆਂ ’ਤੇ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। -ਪੀਟੀਆਈ