ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੋਦੀ ਨੇ ਬੁਲੇਟ ਟਰੇਨ ਪ੍ਰਾਜੈਕਟ ਦਾ ਲਿਆ ਜਾਇਜ਼ਾ

ਇੰਜਨੀਅਰਾਂ ਨੂੰ ਤਜਰਬਿਆਂ ਦਾ ਦਸਤਾਵੇਜ਼ ਤਿਆਰ ਕਰਨ ਲੲੀ ਕਿਹਾ
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ’ਤੇ ਕੰਮ ਕਰ ਰਹੇ ਇੰਜਨੀਅਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੇ ਤਜਰਬਿਆਂ ਦਾ ਦਸਤਾਵੇਜ਼ ਤਿਆਰ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਤਜਰਬੇ ਨੂੰ ਹੋਰ ਥਾਵਾਂ ’ਤੇ ਅਜਿਹੇ ਹੀ ਪ੍ਰਾਜੈਕਟ ਤਿਆਰ ਕੀਤੇ ਜਾਣ ਸਮੇਂ ਲਾਗੂ ਕੀਤਾ ਜਾ ਸਕਦਾ ਹੈ। ਸ੍ਰੀ ਮੋਦੀ ਨੇ ਸੂਰਤ ’ਚ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲਵੇ ਪ੍ਰਾਜੈਕਟ ਦੇ ਇੰਜਨੀਅਰਾਂ ਤੋਂ ਇਲਾਵਾ ਹੋਰ ਵਰਕਰਾਂ ਨਾਲ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇ ਪ੍ਰਾਜੈਕਟ ਦੇ ਤਜਰਬਿਆਂ ਨੂੰ ‘ਬਲੂ ਬੁੱਕ’ ਵਾਂਗ ਰਿਕਾਰਡ ਅਤੇ ਸੰਕਲਿਤ ਕੀਤਾ ਜਾਵੇਗਾ ਤਾਂ ਦੇਸ਼ ਬੁਲੇਟ ਟਰੇਨਾਂ ਵੱਡੇ ਪੱਧਰ ’ਤੇ ਚਲਾਉਣ ਦੀ ਦਿਸ਼ਾ ਵੱਲ ਅਗਾਂਹ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਤਜਰਬੇ ਦੁਹਰਾਉਣ ਤੋਂ ਬਚਣਾ ਚਾਹੀਦਾ ਹੈ ਅਤੇ ਮੌਜੂਦਾ ਮਾਡਲਾਂ ਤੋਂ ਸਿੱਖ ਕੇ ਨਵੇਂ ਤਜਰਬੇ ਕਰਨੇ ਚਾਹੀਦੇ ਹਨ। ‘ਤਜਰਬੇ ਤਾਂ ਹੀ ਸਾਰਥਕ ਹੋਣਗੇ ਜੇ ਇਸ ਬਾਰੇ ਸਪੱਸ਼ਟਤਾ ਹੋਵੇਗੀ ਕਿ ਫ਼ੈਸਲੇ ਕਿਉਂ ਲਏ ਗਏ ਹਨ। ਨਹੀਂ ਤਾਂ, ਦੁਹਰਾਅ ਕਾਰਨ ਫ਼ੈਸਲੇ ਦਿਸ਼ਾ ਤੋਂ ਥਿੜਕ ਸਕਦੇ ਹਨ।’ ਰਿਕਾਰਡ ਤਿਆਰ ਕਰਕੇ ਰੱਖਣ ਦਾ ਲਾਭ ਦੱਸਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਸ ਦਾ ਭਵਿੱਖ ਦੇ ਵਿਦਿਆਰਥੀਆਂ ਨੂੰ ਲਾਹਾ ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੀ ਜਾਨ ਲਗਾ ਕੇ ਕੰਮ ਕਰਨ ਮਗਰੋਂ ਅਸੀਂ ਦੇਸ਼ ਲਈ ਕੁਝ ਅਣਮੋਲ ਪਿੱਛੇ ਛੱਡ ਸਕਦੇ ਹਾਂ। ਉਨ੍ਹਾਂ ਪ੍ਰਾਜੈਕਟ ਦੀ ਪ੍ਰਗਤੀ ਅਤੇ ਉਸ ਨੂੰ ਤੈਅ ਸਮੇਂ ’ਚ ਪੂਰਾ ਕਰਨ ਬਾਰੇ ਵੀ ਜਾਣਕਾਰੀ ਹਾਸਲ ਕੀਤੀ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਵਰਕਰਾਂ ਨੇ ਸ੍ਰੀ ਮੋਦੀ ਨੂੰ ਭਰੋਸਾ ਦਿੱਤਾ ਕਿ ਪ੍ਰਾਜੈਕਟ ਬਿਨਾਂ ਕਿਸੇ ਮੁਸ਼ਕਲ ਦੇ ਅਗਾਂਹ ਵਧ ਰਿਹਾ ਹੈ। ਕੇਰਲਾ ਦੀ ਇਕ ਇੰਜਨੀਅਰ ਨੇ ਨਵਸਾਰੀ ਦੀ ਫੈਕਟਰੀ ’ਚ ਆਪਣੇ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਥੇ ਵੈਲਡਿੰਗ ਦੇ ਕੰਮ ਲਈ ਰੋਬੋਟਿਕ ਯੂਨਿਟਾਂ ਬਣਾਈਆਂ ਗਈਆਂ ਹਨ। ਉਸ ਨੇ ਦੇਸ਼ ਦੀ ਪਹਿਲੀ ਬੁਲੇਟ ਟਰੇਨ ਚਲਾਉਣ ਦੇ ਪ੍ਰਾਜੈਕਟ ’ਚ ਪਾਏ ਜਾ ਰਹੇ ਯੋਗਦਾਨ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਉਸ ਲਈ ਅਤੇ ਪਰਿਵਾਰ ਲਈ ਮਾਣ ਵਾਲਾ ਪਲ ਹੈ।

 

Advertisement

 

Advertisement
Show comments