ਨੌਜਵਾਨਾਂ ਨੂੰ ਰੀਲਾਂ ’ਚ ਉਲਝਾ ਰਹੇ ਨੇ ਮੋਦੀ: ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੀਆਂ ਰੀਲਾਂ ਵਿੱਚ ਉਲਝਾ ਕੇ ਸਿੱਖਿਆ, ਸਿਹਤ ਅਤੇ ਰੁਜ਼ਗਾਰ ਵਰਗੇ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੇ ਹਨ। ਬਿਹਾਰ ਦੇ ਔਰੰਗਾਬਾਦ ਤੇ ਗਯਾ ਵਿੱਚ ਰੈਲੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ 21ਵੀਂ ਸਦੀ ਦਾ ‘ਨਵਾਂ ਨਸ਼ਾ’ ਹੈ ਜਿਸ ਨੂੰ ਮੋਦੀ ਉਤਸ਼ਾਹਿਤ ਕਰ ਰਹੇ ਹਨ। ਸ੍ਰੀ ਗਾਂਧੀ ਨੇ ਇਹ ਦਾਅਵਾ ਵੀ ਕੀਤਾ ਕਿ ਮੋਦੀ ਅਤੇ ਅਮਿਤ ਸ਼ਾਹ ਬਿਹਾਰ ਵਿੱਚ ‘ਵੋਟ ਚੋਰੀ’ ਕਰ ਰਹੇ ਹਨ; ਉਹ ਜਾਣਦੇ ਹਨ ਕਿ ਐੱਨ ਡੀ ਏ ਚੋਣਾਂ ਨਹੀਂ ਜਿੱਤ ਰਿਹਾ। ਭਾਜਪਾ ਦੇ ‘ਜੰਗਲ ਰਾਜ’ ਦੇ ਦੋਸ਼ਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘‘ਜੰਗਲ ਰਾਜ ਤਾਂ ਦਿੱਲੀ ਵਿੱਚ ਮੋਦੀ ਲੈ ਕੇ ਆਏ ਹਨ।’’ ਉਨ੍ਹਾਂ ਕਿਹਾ ਕਿ ਜੇ ‘ਇੰਡੀਆ’ ਗੱਠਜੋੜ ਸੱਤਾ ਵਿੱਚ ਆਉਂਦਾ ਹੈ ਤਾਂ ਇਹ ਪੱਛੜਿਆਂ ਅਤੇ ਦਲਿਤਾਂ ਦੀ ਸਰਕਾਰ ਹੋਵੇਗੀ ਅਤੇ ਬਿਹਾਰ ਨੂੰ ਉਤਪਾਦਨ ਕੇਂਦਰ ਬਣਾਇਆ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਸ ਆਗੂ ਨੇ ਬਿਹਾਰ ਦੇ ਨੌਜਵਾਨਾਂ ਨੂੰ ਮਜ਼ਦੂਰ ਬਣਾ ਦਿੱਤਾ ਹੈ। -ਪੀਟੀਆਈ
ਕਿਸਾਨਾਂ ਨੂੰ ਕਣਕ-ਝੋਨੇ ’ਤੇ ਬੋਨਸ ਦੇਵਾਂਗੇ: ਤੇਜਸਵੀ
ਪਟਨਾ: ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਬਿਹਾਰ ਵਿੱਚ ‘ਇੰਡੀਆ’ ਗੱਠਜੋੜ ਦੀ ਸਰਕਾਰ ਬਣਨ ’ਤੇ ਕਿਸਾਨਾਂ ਨੂੰ ਐੱਮ ਐੱਸ ਪੀ ਤੋਂ ਇਲਾਵਾ ਝੋਨੇ ’ਤੇ ਪ੍ਰਤੀ ਕੁਇੰਟਲ 400 ਰੁਪਏ ਤੇ ਕਣਕ ’ਤੇ 300 ਰੁਪਏ ਬੋਨਸ ਦਿੱਤਾ ਜਾਵੇਗਾ। ਵਿਰੋਧੀ ਧਿਰ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਉਮੀਦਵਾਰ ਤੇਜਸਵੀ ਨੇ ਕਿਹਾ ਕਿ ਜੇ ‘ਇੰਡੀਆ’ ਗੱਠਜੋੜ ਸੱਤਾ ’ਚ ਆਇਆ ਤਾਂ ਸੂਬੇ ਵਿੱਚ ਸਾਰੀਆਂ ਮੁੱਢਲੀਆਂ ਖੇਤੀ ਕਰਜ਼ਾ ਸੁਸਾਇਟੀਆਂ (ਪੀ ਏ ਸੀ ਐੱਸ) ਅਤੇ ਮੁੱਢਲੀਆਂ ਮਾਰਕੀਟਿੰਗ ਸਹਿਕਾਰੀ ਸੁਸਾਇਟੀਆਂ (ਵਪਾਰ ਮੰਡਲਾਂ) ਦੇ ਮੁਖੀਆਂ ਨੂੰ ‘ਲੋਕ ਨੁਮਾਇੰਦਿਆਂ ਦਾ ਦਰਜਾ’ ਦਿੱਤਾ ਜਾਵੇਗਾ। ਬਿਹਾਰ ਵਿੱਚ 8,400 ਤੋਂ ਵੱਧ ਪੀ ਏ ਸੀ ਐੱਸ ਹਨ।
‘ਮੋਦੀ ਕੋਲ ਨਕਲੀ ਡਿਗਰੀ’
ਪਟਨਾ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਕਲੀ ਡਿਗਰੀ ਰੱਖਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ ਵਿੱਚ ਨਾਲੰਦਾ ਗਿਆਨ ਦਾ ਵੱਡਾ ਕੇਂਦਰ ਸੀ। ਇੱਥੋਂ ਦੀ ਯੂਨੀਵਰਸਿਟੀ ਵਿੱਚ ਚੀਨ, ਜਪਾਨ ਅਤੇ ਕੋਰੀਆ ਦੇ ਵਿਦਿਆਰਥੀ ਦਾਖਲਾ ਲੈਣ ਲਈ ਲਾਈਨਾਂ ’ਚ ਲੱਗੇ ਰਹਿੰਦੇ ਸਨ ਪਰ ਮੋਦੀ ਨੂੰ ਅਜਿਹੀਆਂ ਚੀਜ਼ਾਂ ਦੀ ਕੋਈ ਕਦਰ ਨਹੀਂ। ਉਨ੍ਹਾਂ ਕੋਲ ਨਕਲੀ ਡਿਗਰੀ ਹੈ।
