ਮੋਦੀ ਨੂੰ ਵੱਡੇ ਕਾਰੋਬਾਰੀ ਚਲਾ ਰਹੇ ਨੇ: ਰਾਹੁਲ
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਗਾਇਆ ਕਿ ਉਹ ਨਾ ਸਿਰਫ਼ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਤੋਂ ਡਰਦੇ ਹਨ ਬਲਕਿ ਵੱਡੇ ਕਾਰੋਬਾਰੀ ਘਰਾਣਿਆਂ ਦੇ ਰਿਮੋਟ ਕੰਟਰੋਲ ਦੇ ਇਸ਼ਾਰਿਆਂ ’ਤੇ ਕੰਮ ਕਰਦੇ ਹਨ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ੍ਰੀ ਗਾਂਧੀ ਨੇ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਵਿੱਚ ਚੋਣ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਵੱਡੀ ਛਾਤੀ ਹੋਣਾ ਤਾਕਤਵਰ ਹੋਣ ਦੀ ਨਿਸ਼ਾਨੀ ਨਹੀਂ। ਮਹਾਤਮਾ ਗਾਂਧੀ ਨੂੰ ਦੇਖੋ, ਉਨ੍ਹਾਂ ਦਾ ਸਰੀਰ ਕਮਜ਼ੋਰ ਸੀ ਪਰ ਉਨ੍ਹਾਂ ਨੇ ਉਸ ਵੇਲੇ ਦੀ ਮਹਾਸ਼ਕਤੀ ਬਰਤਾਨਵੀ ਹਕੂਮਤ ਨੂੰ ਝੁਕਾ ਦਿੱਤਾ।’’ ਉਨ੍ਹਾਂ ਪ੍ਰਧਾਨ ਮੰਤਰੀ ’ਤੇ ਤਨਜ਼ ਕੱਸਦਿਆਂ ਕਿਹਾ, ‘‘ਦੂਜੇ ਪਾਸੇ, ਸਾਡੇ ਨਰਿੰਦਰ ਮੋਦੀ ਹਨ ਜੋ ਆਪਣੀ 56 ਇੰਚ ਦੀ ਛਾਤੀ ਹੋਣ ਦਾ ਦਾਅਵਾ ਕਰਦੇ ਹਨ, ਪਰ ਜਦੋਂ ਅਪਰੇਸ਼ਨ ਸਿੰਧੂਰ ਦੌਰਾਨ ਟਰੰਪ ਦਾ ਫੋਨ ਆਇਆ ਤਾਂ ਉਨ੍ਹਾਂ ਨੂੰ ਘਬਰਾਹਟ ਦਾ ਦੌਰਾ ਪੈ ਗਿਆ ਤੇ ਪਾਕਿਸਤਾਨ ਦੇ ਨਾਲ ਫੌਜੀ ਟਕਰਾਅ ਦੋ ਦਿਨਾਂ ਦੇ ਅੰਦਰ ਖ਼ਤਮ ਹੋ ਗਿਆ। ਉਹ ਨਾ ਸਿਰਫ਼ ਟਰੰਪ ਤੋਂ ਡਰਦੇ ਹਨ ਬਲਕਿ ਅਡਾਨੀ ਤੇ ਅੰਬਾਨੀ ਦੇ ਰਿਮੋਟ ਨਾਲ ਚੱਲਦੇ ਹਨ।’’
ਕਾਂਗਰਸੀ ਆਗੂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਦੇ ਸਾਰੇ ਵੱਡੇ ਫੈਸਲੇ ਜਿਵੇਂ ਨੋਟਬੰਦੀ ਅਤੇ ਵਸਤਾਂ ਤੇ ਸੇਵਾ ਕਰ (ਜੀ ਐੱਸ ਟੀ) ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕਰ ਕੇ ਵੱਡੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਲਏ ਗਏ ਸਨ।’’ ਗਾਂਧੀ ਨੇ ਕਿਹਾ, ‘‘ਸਾਡੀ ਸੋਚ ਵੱਖ ਹੈ। ਅਸੀਂ ਛੋਟੇ ਵਪਾਰੀਆਂ ਨੂੰ ਹੁਲਾਰਾ ਦੇਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਮੋਬਾਈਲ ਫੋਨ ਅਤੇ ਟੀ-ਸ਼ਰਟ ’ਤੇ ‘ਮੇਡ ਇਨ ਚਾਈਨਾ’ ਦੀ ਜਗ੍ਹਾ ‘ਮੇਡ ਇਨ ਬਿਹਾਰ’ ਲਿਖਿਆ ਹੋਵੇ।
ਉਨ੍ਹਾਂ ਪ੍ਰਧਾਨ ਮੰਤਰੀ ’ਤੇ ਵੋਟਾਂ ਹਾਸਲ ਕਰਨ ਲਈ ਕੁਝ ਵੀ ਕਰਨ ਦਾ ਦੋਸ਼ ਲਗਾਉਂਦੇ ਹੋਏ ਰਾਹੁਲ ਨੇ ਕਿਹਾ, ‘‘ਉਨ੍ਹਾਂ ਨੂੰ ਕਹੋ ਯੋਗ ਕਰੋ, ਤਾਂ ਉਹ ਕੁਝ ਆਸਨ ਕਰਨ ਲੱਗਣਗੇ। ਉਹ ਸਟੇਜ ’ਤੇ ਨੱਚਣਗੇ ਵੀ। ਚੋਣਾਂ ਵਾਲੇ ਦਿਨ ਤੱਕ ਤੁਸੀਂ ਜੋ ਵੀ ਕਹੋਗੇ, ਮੋਦੀ ਜੀ ਕਰਨਗੇ, ਕਿਉਂਕਿ ਉਸ ਤੋਂ ਬਾਅਦ ਉਹ ਆਪਣੇ ਚਹੇਤੇ ਕਾਰਪੋਰੇਟਾਂ ਲਈ ਕੰਮ ਕਰਨਗੇ।’’
ਚੋਣ ਪ੍ਰਚਾਰ ਦੌਰਾਨ ਮੱਛੀਆਂ ਫੜੀਆਂ
ਬੇਗੂਸਰਾਏ: ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਚੋਣਾਂ ਵਾਲੇ ਸੂਬੇ ਬਿਹਾਰ ਵਿੱਚ ਪ੍ਰਚਾਰ ਦੌਰਾਨ ਮੱਛੀਆਂ ਫੜਨ ਲਈ ਕੁਝ ਸਮਾਂ ਕੱਢਿਆ। ਉਹ ਸੂਬੇ ਦੇ ਸਾਬਕਾ ਮੰਤਰੀ ਮੁਕੇਸ਼ ਸਹਿਣੀ ਨਾਲ ਕਿਸ਼ਤੀ ’ਚ ਬੈਠੇ। ਸਹਿਣੀ ਨੇ ਜਾਲ ਸੁੱਟਿਆ। ਇਸ ਮੌਕੇ ਵੱਡੀ ਗਿਣਤੀ ਮਛੇਰੇ ਮੌਜੂਦ ਸਨ। ਇਸ ਘਟਨਾ ਦੀ ਵੀਡੀਓ ਕਾਂਗਰਸ ਨੇ ਆਪਣੇ ‘ਐਕਸ’ ਹੈਂਡਲ ’ਤੇ ਸਾਂਝੀ ਕੀਤੀ ਹੈ। ਸਹਿਣੀ ਦੀ ਵਿਕਾਸਸ਼ੀਲ ਇਨਸਾਨ ਪਾਰਟੀ ‘ਇੰਡੀਆ’ ਗਠਜੋੜ ਵਿੱਚ ਭਾਈਵਾਲ ਹੈ। -ਪੀਟੀਆਈ
