ਪ੍ਰਧਾਨ ਮੰਤਰੀ ਨੇ ਨੀਤੀਗਤ ਫੈਸਲਿਆਂ ਬਾਰੇ ਟਰੰਪ ਅੱਗੇ ਗੋਡੇ ਟੇਕੇ: ਕਾਂਗਰਸ
ਕਾਂਗਰਸ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੀਤੀਗਤ ਫੈਸਲਿਆਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅੱਗੇ ਗੋਡੇ ਟੇਕ ਦਿੱਤੇ ਹਨ। ਪਾਰਟੀ ਆਗੂ ਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੋਂ ‘ਡਰੇ ਹੋਏ’ ਹਨ। ਗਾਂਧੀ ਨੇ ਕਿਹਾ ਕਿ ਮੋਦੀ ਨੇ ਅਮਰੀਕੀ ਆਗੂ ਨੂੰ ਇਹ ‘ਫੈਸਲਾ ਲੈਣ ਅਤੇ ਐਲਾਨ ਕਰਨ’ ਦੀ ਖ਼ੁੱਲ੍ਹ ਦਿੱਤੀ ਕਿ ਭਾਰਤ ਰੂਸੀ ਤੇਲ ਨਹੀਂ ਖਰੀਦੇਗਾ। ਉਨ੍ਹਾਂ ਕਿਹਾ ਕਿ ਅਮਰੀਕੀ ਸਦਰ ਵੱਲੋਂ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਵਜੂਦ ਮੋਦੀ ਵਾਰ-ਵਾਰ ਵਧਾਈ ਸੰਦੇਸ਼ ਭੇਜਦੇ ਰਹੇ। ਗਾਂਧੀ ਨੇ ਇਹ ਟਿੱਪਣੀ ਟਰੰਪ ਦੇ ਉਸ ਦੇ ਦਾਅਵੇ ਦੇ ਸੰਦਰਭ ਵਿਚ ਕੀਤੀ ਹੈ ਕਿ ਭਾਰਤੀ ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੇ ਉਨ੍ਹਾਂ ਨੂੰ ਰੂਸ ਤੋਂ ਹੋਰ ਤੇਲ ਨਾ ਖਰੀਦਣ ਦਾ ਭਰੋਸਾ ਦਿੱਤਾ ਹੇ। ਟਰੰਪ ਨੇ ਮੋਦੀ ਦੇ ਇਸ ਭਰੋੋਸੇ ਨੂੰ ਰੂਸ ’ਤੇ ਵਧਦੇ ਦਬਾਅ ਦੀ ਦਿਸ਼ਾ ਵਿਚ ਵੱਡਾ ਕਦਮ ਦੱਸਿਆ ਹੈ।
ਗਾਂਧੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਟਰੰਪ ਤੋਂ ਡਰਦੇ ਹਨ। ਉਨ੍ਹਾਂ ਟਰੰਪ ਨੂੰ ਇਹ ਫੈਸਲਾ ਲੈਣ ਤੇ ਐਲਾਨ ਕਰਨ ਦੀ ਖੁੱਲ੍ਹ ਦਿੱਤੀ ਕਿ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ। (ਟਰੰਪ ਵੱਲੋਂ) ਵਾਰ ਵਾਰ ਨਜ਼ਰਅੰਦਾਜ਼ ਕੀਤੇ ਜਾਣ ਦੇ ਬਾਵਜੂਦ (ਮੋਦੀ) ਵਧਾਈ ਸੰਦੇਸ਼ ਭੇਜਦੇ ਰਹੇ। ਵਿੱਤ ਮੰਤਰੀ ਦੀ ਅਮਰੀਕਾ ਫੇਰੀ ਰੱਦ ਕੀਤੀ ਗਈ। ਸ਼ਰਮ ਅਲ-ਸ਼ੇਖ਼ ਦਾ ਦੌਰਾ ਛੱਡਿਆ। ਅਪਰੇਸ਼ਨ ਸਿੰਧੂਰ ਬਾਰੇ (ਟਰੰਪ ਦੇ) ਬਿਆਨਾਂ ਦਾ ਵੀ ਵਿਰੋਧ ਨਹੀਂ ਕੀਤਾ।’’
ਉਧਰ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਐਕਸ ’ਤੇ ਕਿਹਾ, ‘‘10 ਮਈ 2025 ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮੀਂ 5:37 ਵਜੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸਭ ਤੋਂ ਪਹਿਲਾਂ ਐਲਾਨ ਕੀਤਾ ਕਿ ਭਾਰਤ ਨੇ ਅਪਰੇਸ਼ਨ ਸਿੰਧੂਰ ਰੋਕ ਦਿੱਤਾ ਹੈ। ਇਸ ਮਗਰੋਂ ਰਾਸ਼ਟਰਪਤੀ ਟਰੰਪ ਪੰਜ ਵੱਖੋ ਵੱਖਰੇ ਮੁਲਕਾਂ ਵਿਚ 51ਵਾਂ ਵਾਰ ਹਿਹ ਦਾਅਵਾ ਕਰ ਚੁੱਕੇ ਹਨ ਉਨ੍ਹਾਂ ਟੈਰਿਫ਼ ਤੇ ਵਪਾਰ ਨੂੰ ਦਬਾਅ ਦੇ ਹਥਿਆਰ ਵਜੋਂ ਵਰਤ ਕੇ ਅਪਰੇਸ਼ਨ ਸਿੰਧੂਰ ਨੂੰ ਰੁਕਵਾਇਆ।’’
ਇਹ ਵੀ ਪੜ੍ਹੋ: ਰੂਸ ਤੋਂ ਤੇਲ ਨਹੀਂ ਖਰੀਦੇਗਾ ਭਾਰਤ, ਪ੍ਰਧਾਨ ਮੰਤਰੀ ਮੋਦੀ ਨੇ ਭਰੋਸਾ ਦਿੱਤਾ: ਟਰੰਪ
ਇਹ ਵੀ ਪੜ੍ਹੋ: ਭਾਰਤ ਦੀ ਤੇਲ ਦਰਾਮਦ ਨੀਤੀ ‘ਖਪਤਕਾਰਾਂ ਦੇ ਹਿੱਤਾਂ’ ਵੱਲ ਸੇਧਤ: ਵਿਦੇਸ਼ ਮੰਤਰਾਲਾ
ਰਮੇਸ਼ ਨੇ ਕਿਹਾ, ‘‘ਹੁਣ ਰਾਸ਼ਟਰਪਤੀ ਟਰੰਪ ਨੇ ਕੱਲ੍ਹ ਐਲਾਨ ਕੀਤਾ ਹੈ ਕਿ ਸ੍ਰੀ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਰੂਸ ਤੋਂ ਤੇਲ ਦਰਾਮਦ ਨਹੀਂ ਕਰੇਗਾ। ਸ੍ਰੀ ਮੋਦੀ ਨੇ ਮੁੱਖ ਫੈਸਲੇ ਅਮਰੀਕਾ ਨੂੰ ਆਊਟਸੋਰਸ ਕੀਤੇ ਜਾਪਦੇ ਹਨ। 56 ਇੰਚ ਦੀ ਛਾਤੀ ਸੁੰਗੜ ਗਈ ਹੈ।’’