ਮੋਦੀ ਲੋਕ ਮੁੱਦਿਆਂ ’ਤੇ ਚਰਚਾ ਨਹੀਂ ਕਰਦੇ: ਰਾਹੁਲ
ਇੰਡੀਆ ਗੱਠਜੋੜ ਵੱਲੋਂ ਐੱਸ ਆਈ ਆਰ ਖ਼ਿਲਾਫ਼ ਸੰਸਦ ਭਵਨ ਦੇ ਬਾਹਰ ਰੋਸ ਮੁਜ਼ਾਹਰੇ ਦੌਰਾਨ ਸ੍ਰੀ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਦੀ ਮੰਗ ਹੈ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਸੰਸਦ ’ਚ ਐੱਸ ਆਈ ਆਰ ਬਾਰੇ ਗੰਭੀਰ ਚਰਚਾ ਹੋਵੇ। ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਹਰ ਨਾਗਰਿਕ ਦਾ ਅਧਿਕਾਰ ਵੋਟ ਨਾਲ ਜੁੜਿਆ ਹੋਇਆ ਹੈ ਅਤੇ ਐੱਸ ਆਈ ਆਰ ਸਪੱਸ਼ਟ ਤੌਰ ’ਤੇ ਗਰੀਬਾਂ ਤੇ ਬਹੁਜਨ ਭਾਈਚਾਰੇ ਦੀਆਂ ਵੋਟਾਂ ਕੱਟਣ ਤੇ ਚੋਣਾਂ ਨੂੰ ਇਕਪਾਸੜ ਬਣਾਉਣ ਦਾ ਹਥਿਆਰ ਹੈ।’’
ਰੋਸ ਮੁਜ਼ਾਹਰੇ ’ਚ ਸ਼ਾਮਲ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਦੋਸ਼ ਲਾਇਆ ਕਿ ਨਰਿੰਦਰ ਮੋਦੀ ਸਰਕਾਰ ਅਤੇ ਚੋਣ ਕਮਿਸ਼ਨ ਮਿਲ ਕੇ ਐੱਸ ਆਈ ਆਰ ਰਾਹੀਂ ‘ਵੋਟ ਚੋਰੀ’ ਕਰ ਰਹੇ ਹਨ। ਉਨ੍ਹਾਂ ਐਕਸ ’ਤੇ ਲਿਖਿਆ, ‘‘ਇਹ ਸਾਡੇ ਲੱਖਾਂ ਦਲਿਤਾਂ, ਪੱਛੜੇ, ਆਦਿਵਾਸੀਆਂ ਅਤੇ ਵਾਂਝੇ ਭੈਣ-ਭਰਾਵਾਂ ਤੋਂ ਵੋਟ ਦਾ ਅਧਿਕਾਰ ਖੋਹਣ ਦੀ ਕੋਸ਼ਿਸ਼ ਹੈ। ਕਿੰਨੇ ਹੀ ਸਵਾਲ ਉਠਾਏ ਜਾਣ ਦੇ ਬਾਵਜੂਦ ਚੋਣ ਕਮਿਸ਼ਨ ਕਿਸੇ ਦਾ ਜਵਾਬ ਨਹੀਂ ਦੇ ਰਿਹਾ ਤੇ ਸਰਕਾਰ ਸ਼ਰ੍ਹੇਆਮ ਕਮਿਸ਼ਨ ਦਾ ਬਚਾਅ ਕਰ ਰਹੀ ਹੈ।’’ ਰੋਸ ਮੁਜ਼ਾਹਰੇ ’ਚ ਡੀ ਐੱਮ ਕੇ ਦੀ ਸੰਸਦ ਮੈਂਬਰ ਕੇ ਕਨੀਮੋੜੀ ਤੇ ਟੀ ਆਰ ਬਾਲੂ, ਸੀ ਪੀ ਆਈ (ਐੱਮ) ਦੇ ਜੌਹਨ ਬ੍ਰਿਟਸ ਤੋਂ ਇਲਾਵਾ ਇੰਡੀਆ ਗੱਠਜੋੜ ਦੀਆਂ ਪਾਰਟੀਆਂ ਦੇ ਆਗੂ ਸ਼ਾਮਲ ਹੋਏ।
