ਮੋਦੀ ਵੱਲੋਂ ਡੂੰਘੇ ਪੁਲਾੜ ਖੋਜ ਮਿਸ਼ਨ ਦੀ ਤਿਆਰੀ ਕਰਨ ਦਾ ਸੱਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਲਾੜ ਵਿਗਿਆਨੀਆਂ ਨੂੰ ਮਨੁੱਖਤਾ ਦਾ ਭਵਿੱਖ ਉੱਜਵਲ ਨਾਲ ਜੁੜੇ ਭੇਦ ਉਜਾਗਰ ਕਰਨ ਲਈ ‘ਡੂੰਘੇ ਪੁਲਾੜ ਖੋਜ ਮਿਸ਼ਨ’ ਦੀ ਤਿਆਰੀ ਕਰਨ ਦਾ ਸੱਦਾ ਦਿੱਤਾ ਹੈ। ਕੌਮੀ ਪੁਲਾੜ ਦਿਵਸ ’ਤੇ ਵਰਚੁਅਲੀ ਸੰਬੋਧਨ ਕਰਦਿਆਂ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਭਵਿੱਖ ਦੇ ਮਿਸ਼ਨਾਂ ਲਈ ਪੁਲਾੜ ਯਾਤਰੀਆਂ ਦਾ ਗਰੁੱਪ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਇਸ ਗਰੁੱਪ ਦਾ ਹਿੱਸਾ ਬਣਨ ਦੀ ਅਪੀਲ ਕੀਤੀ।
ਮੋਦੀ ਨੇ ਕਿਹਾ, ‘ਅਸੀਂ ਚੰਦਰਮਾ ਅਤੇ ਮੰਗਲ ਗ੍ਰਹਿ ’ਤੇ ਪਹੁੰਚ ਗਏ ਹਾਂ। ਹੁਣ ਅਸੀਂ ਡੂੰਘੇ ਪੁਲਾੜ ਵਿੱਚ ਝਾਕਣਾ ਹੈ, ਜਿੱਥੇ ਮਨੁੱਖਤਾ ਦੇ ਭਵਿੱਖ ਲਈ ਲਾਭਕਾਰੀ ਕਈ ਰਾਜ਼ ਲੁਕੇ ਹੋਏ ਹਨ।’ ਉਨ੍ਹਾਂ ਕਿਹਾ ਕਿ ਪੁਲਾੜ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਮੀਲ ਪੱਥਰ ਸਥਾਪਤ ਕਰਨਾ ਹੁਣ ਭਾਰਤ ਅਤੇ ਇਸ ਦੇ ਵਿਗਿਆਨੀਆਂ ਦਾ ਕੁਦਰਤੀ ਗੁਣ ਬਣ ਗਿਆ ਹੈ।
ਪ੍ਰਧਾਨ ਮੰਤਰੀ ਨੇ ਦੇਸ਼ ਭਰ ਦੇ ਪੁਲਾੜ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਸਾਡੀ ਪਹੁੰਚ ਗਲੈਕਸੀਆਂ ਤੋਂ ਵੀ ਪਰੇ ਹੈ। ਅਨੰਤ ਬ੍ਰਹਿਮੰਡ ਸਾਨੂੰ ਦੱਸਦਾ ਹੈ ਕਿ ਕੋਈ ਸੀਮਾ ਆਖਰੀ ਸਰਹੱਦ ਨਹੀਂ ਹੈ ਅਤੇ ਪੁਲਾੜ ਦੇ ਖੇਤਰ ਵਿੱਚ ਵੀ ਨੀਤੀਗਤ ਪੱਧਰ ’ਤੇ ਕੋਈ ਆਖਰੀ ਸਰਹੱਦ ਨਹੀਂ ਹੋਣੀ ਚਾਹੀਦੀ।’ ਉਨ੍ਹਾਂ ਕਿਹਾ ਕਿ ਭਾਰਤ ਇਲੈਕਟ੍ਰਿਕ ਪ੍ਰੋਪਲਸ਼ਨ ਅਤੇ ਸੈਮੀ-ਕ੍ਰਾਇਓਜੇਨਿਕ ਇੰਜਣ ਵਰਗੀਆਂ ਅਹਿਮ ਤਕਨਾਲੋਜੀਆਂ ਦੇ ਖੇਤਰ ਵਿੱਚ ਤਰੱਕੀ ਕਰ ਰਿਹਾ ਹੈ। ਉਨ੍ਹਾਂ ਕਿਹਾ, ‘ਤੁਹਾਡੇ ਵਿਗਿਆਨੀਆਂ ਦੀ ਸਖ਼ਤ ਮਿਹਨਤ ਸਦਕਾ ਭਾਰਤ ਜਲਦੀ ਹੀ ਗਗਨਯਾਨ ਮਿਸ਼ਨ ਲਾਂਚ ਕਰੇਗਾ ਅਤੇ ਆਪਣਾ ਪੁਲਾੜ ਸਟੇਸ਼ਨ ਵੀ ਬਣਾਏਗਾ।’ ਉਨ੍ਹਾਂ ਪ੍ਰਾਈਵੇਟ ਖੇਤਰ ਨੂੰ ਵੀ ਅੱਗੇ ਆਉਣ ਦਾ ਸੱਦਾ ਦਿੱਤਾ। ਇਸ ਦੌਰਾਨ ਉਨ੍ਹਾਂ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੀ ਵੀ ਸ਼ਲਾਘਾ ਕੀਤੀ, ਜਿਸ ਨੂੰ ਉਹ ਤਿੰਨ ਦਿਨ ਪਹਿਲਾਂ ਮਿਲੇ ਸਨ।
ਭਾਰਤ 15 ਸਾਲਾਂ ’ਚ 100 ਤੋਂ ਵੱਧ ਸੈਟੇਲਾਈਟ ਲਾਂਚ ਕਰੇਗਾ: ਜਿਤੇਂਦਰ
ਨਵੀਂ ਦਿੱਲੀ: ਭਾਰਤ ਦੇ ਵਿਗਿਆਨ ਅਤੇ ਟੈਕਨਾਲੋਜੀ ਮੰਤਰੀ ਜਿਤੇਂਦਰ ਸਿੰਘ ਨੇ ਐਲਾਨ ਕੀਤਾ ਕਿ ਭਾਰਤ ਅਗਲੇ 15 ਸਾਲਾਂ ਵਿੱਚ 100 ਤੋਂ ਵੱਧ ਸੈਟੇਲਾਈਟ ਲਾਂਚ ਕਰੇਗਾ। ਇਨ੍ਹਾਂ ’ਚੋਂ ਕੁਝ ਸਰਕਾਰੀ ਅਤੇ ਕੁੱਝ ਨਿੱਜੀ ਖੇਤਰ ਦੇ ਮਿਸ਼ਨ ਹੋਣਗੇ। ਦੂਜੇ ਕੌਮੀ ਪੁਲਾੜ ਦਿਵਸ ਮੌਕੇ ਉਨ੍ਹਾਂ ਨੇ ਪੁਲਾੜ ਖੇਤਰ ਲਈ ਅਗਲੇ 15 ਸਾਲਾਂ ਦਾ ਰੋਡਮੈਪ ਜਾਰੀ ਕੀਤਾ। ਇਸ ਮੌਕੇ ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ, ਇਨਸਪੇਸ ਦੇ ਚੇਅਰਮੈਨ ਪਵਨ ਗੋਇਨਕਾ ਅਤੇ ਗਗਨਯਾਨ ਮਿਸ਼ਨ ਲਈ ਚੁਣੇ ਗਏ ਚਾਰ ਪੁਲਾੜ ਯਾਤਰੀ ਵੀ ਮੌਜੂਦ ਸਨ। ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਰੋਡਮੈਪ 2040 ਤੱਕ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਵਿੱਚ ਮਦਦ ਕਰੇਗਾ। ਇਸ ਦਾ ਉਦੇਸ਼ ਪੁਲਾੜ ਤਕਨਾਲੋਜੀ ਦੀ ਵਰਤੋਂ ਕਰਕੇ ਖੁਰਾਕ, ਪਾਣੀ ਦੀ ਸੁਰੱਖਿਆ ਅਤੇ ਆਫ਼ਤ ਪ੍ਰਬੰਧਨ ਵਰਗੇ ਖੇਤਰਾਂ ਵਿੱਚ ਸੁਧਾਰ ਲਿਆਉਣਾ ਹੈ।