ਵਿਧਾਇਕ ਸੰਜੇ ਗਾਇਕਵਾੜ ਨੇ ਵਿਧਾਇਕ ਹੋਸਟਲ ਦੀ ਕੰਟੀਨ ਦੇ ਕਰਮਚਾਰੀ ਦੇ ਜੜਿਆ ਥੱਪੜ
ਮੁੰਬਈ, 9 ਜੁਲਾਈ
ਸੱਤਾਧਾਰੀ ਸ਼ਿਵ ਸੈਨਾ ਦੇ ਵਿਧਾਇਕ ਸੰਜੇ ਗਾਇਕਵਾੜ ਨੇ ਮੁੰਬਈ ਵਿੱਚ ਵਿਧਾਇਕ ਹੋਸਟਲ ਦੀ ਕੰਟੀਨ ਦੇ ਇੱਕ ਕਰਮਚਾਰੀ ਨੂੰ ਬੇਹਾ ਭੋਜਨ ਪਰੋਸਣ ਦੀ ਸ਼ਿਕਾਇਤ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਥੱਪੜ ਜੜ ਦਿੱਤਾ। ਮੰਗਲਵਾਰ ਰਾਤ ਦੀ ਇਸ ਘਟਨਾ ਤੋਂ ਬਾਅਦ ਬੁਲਢਾਣਾ ਦੇ ਵਿਧਾਇਕ ਨੇ ਕਿਹਾ ਕਿ ਉਸ ਨੂੰ ਪਰੋਸਿਆ ਗਿਆ ਭੋਜਨ ਘੱਟ ਗੁਣਵੱਤਾ ਵਾਲਾ ਸੀ ਅਤੇ ਉਹ ਮਹਾਰਾਸ਼ਟਰ ਵਿਧਾਨ ਮੰਡਲ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਇਸ ਮੁੱਦੇ ਨੂੰ ਚੁੱਕਣਗੇ।
ਆਕਾਸ਼ਵਾਣੀ ਵਿਧਾਇਕ ਹੋਸਟਲ ਵਿੱਚ ਵਾਪਰੀ ਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਵਾਇਰਲ ਹੋ ਗਿਆ ਹੈ। ਵੀਡੀਓ ਵਿੱਚ ਗਾਇਕਵਾੜ ਨੂੰ ਕੰਟੀਨ ਅਪਰੇਟਰ ਨੂੰ ਝਿੜਕਦੇ ਹੋਏ, ਬਿੱਲ ਦਾ ਭੁਗਤਾਨ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਬਿਲਿੰਗ ਕਾਊਂਟਰ ’ਤੇ ਬੈਠੇ ਸਟਾਫ ਮੈਂਬਰ ਨੂੰ ਥੱਪੜ ਮਾਰਦੇ ਹੋਏ ਦੇਖਿਆ ਜਾ ਸਕਦਾ ਹੈ।
ਗਾਇਕਵਾੜ ਨੇ ਇੱਕ ਖੇਤਰੀ ਨਿਊਜ਼ ਚੈਨਲ ਨੂੰ ਦੱਸਿਆ, ‘‘ਮੈਂ ਪਹਿਲਾਂ ਵੀ ਦੋ-ਤਿੰਨ ਵਾਰ ਭੋਜਨ ਦੀ ਮਾੜੀ ਗੁਣਵੱਤਾ ਬਾਰੇ ਸ਼ਿਕਾਇਤ ਕੀਤੀ ਸੀ। ਇਸ ਵਾਰ ਭੋਜਨ ਬਿਲਕੁਲ ਨਾਮਨਜ਼ੂਰ ਸੀ। ਮੈਂ ਚੱਲ ਰਹੇ ਵਿਧਾਨ ਸੈਸ਼ਨ ਵਿੱਚ ਇਹ ਮੁੱਦਾ ਉਠਾਵਾਂਗਾ।’’
ਸੂਤਰਾਂ ਅਨੁਸਾਰ ਗਾਇਕਵਾੜ ਨੇ ਮੰਗਲਵਾਰ ਰਾਤ ਨੂੰ ਵਿਧਾਇਕ ਹੋਸਟਲ ਦੀ ਕੰਟੀਨ ਤੋਂ ਰਾਤ ਦਾ ਖਾਣਾ ਆਰਡਰ ਕੀਤਾ ਸੀ। ਉਨ੍ਹਾਂ ਕਮਰੇ ਵਿੱਚ ਭੇਜੀ ਗਈ ਦਾਲ ਅਤੇ ਚੌਲਾਂ ਨੂੰ ਬੇਹਾ ਅਤੇ ਬਦਬੂਦਾਰ ਮਹਿਸੂਸ ਕੀਤਾ। ਇਸ ’ਤੇ ਖਫ਼ਾ ਹੋ ਕੇ ਵਿਧਾਇਕ ਕੰਟੀਨ ਵਿੱਚ ਵੜ ਗਿਆ ਅਤੇ ਮੈਨੇਜਰ ਨਾਲ ਭਿੜ ਗਿਆ। -ਪੀਟੀਆਈ