ਉਸਮਾਂ ਕੁੱਟਮਾਰ ਮਾਮਲੇ ’ਚ ਵਿਧਾਇਕ ਲਾਲਪੁਰਾ ਨੂੰ ਚਾਰ ਸਾਲ ਦੀ ਕੈਦ
ਤਰਨ ਤਾਰਨ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਪ੍ਰੇਮ ਕੁਮਾਰ ਨੇ ਅੱਜ ਇੱਥੇ 12 ਸਾਲ ਪੁਰਾਣੇ ਉਸਮਾਂ ਕੁੱਟਮਾਰ ਮਾਮਲੇ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਸਮੇਤ ਅੱਠ ਜਣਿਆਂ ਨੂੰ ਐੱਸ ਸੀ/ਐੱਸ ਟੀ ਐਕਟ ਤਹਿਤ ਚਾਰ-ਚਾਰ ਸਾਲ ਦੀ ਕੈਦ ਤੋਂ ਇਲਾਵਾ ਧਾਰਾ 323, 354, 306, 148 ਅਤੇ 149 ਤਹਿਤ ਇੱਕ-ਇੱਕ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਇਨ੍ਹਾਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਅਦਾਲਤ ਨੇ ਇਨ੍ਹਾਂ ਨੂੰ ਬੁੱਧਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਪੀੜਤਾ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਉੱਚ ਵਰਗਾਂ ਦੇ ਲੋਕਾਂ ਨੂੰ ਗਰੀਬ ਵਰਗਾਂ ਦੇ ਲੋਕਾਂ ਨਾਲ ਨਫਰਤ ਦੀ ਸੋਚ ਦਾ ਤਿਆਗ ਕਰਨ ਦੀ ਅਪੀਲ ਕੀਤੀ ਹੈ| ਇਸ ਦੌਰਾਨ ਪੁਲੀਸ ਨੇ ਅਦਾਲਤ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।
ਇਸ ਮਾਮਲੇ ਦੇ ਕੁੱਲ 11 ਮੁਲਜ਼ਮਾਂ ’ਚੋਂ ਜਿਨ੍ਹਾਂ ਅੱਠ ਨੂੰ ਐੱਸ ਸੀ/ਐੱਸ ਟੀ ਐਕਟ ਸਮੇਤ ਬੀ ਐੱਨ ਐੱਸ ਦੀ ਧਾਰਾ 354, 3 (1) (ਐਕਸ) 4 ਅਧੀਨ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿੱਚ ਲਾਲਪੁਰਾ ਸਮੇਤ ਪੁਲੀਸ ਮੁਲਾਜ਼ਮ ਦਵਿੰਦਰ ਕੁਮਾਰ, ਸਾਰਜ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਸਿੰਘ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ ਸ਼ੋਸ਼ੀ ਅਤੇ ਕੰਵਲਦੀਪ ਸਿੰਘ ਸ਼ਾਮਲ ਹਨ। ਇਸੇ ਤਰ੍ਹਾਂ ਬਾਕੀ ਤਿੰਨ ਮੁਲਜ਼ਮਾਂ ਗਗਨਦੀਪ ਸਿੰਘ, ਪੁਲੀਸ ਮੁਲਾਜ਼ਮ ਨਰਿੰਦਰਜੀਤ ਸਿੰਘ ਅਤੇ ਗੁਰਦੀਪ ਰਾਜ ਨੂੰ ਕੁੱਟਮਾਰ ਨਾਲ ਸਬੰਧਤ ਧਾਰਾਵਾਂ ਤਹਿਤ ਇੱਕ-ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਇਹ ਮਾਮਲਾ 3 ਮਾਰਚ 2013 ਨੂੰ ਗੋਇੰਦਵਾਲ ਸਾਹਿਬ ਦੀ ਸੜਕ ’ਤੇ ਲੜਕੀ ਨਾਲ ਹੋਏ ਤਸ਼ੱਦਦ ਨਾਲ ਸਬੰਧਤ ਹੈ। ਇਸ ਦੌਰਾਨ ਦੋਸ਼ੀਆਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਵੀ ਪਾੜ ਦਿੱਤੇ ਸਨ।
ਅੱਜ ਸਵੇਰ ਤੋਂ ਹੀ ਦੋਵੇਂ ਧਿਰਾਂ ਅਦਾਲਤ ਵਿੱਚ ਪਹੁੰਚੀਆਂ ਹੋਈਆਂ ਸਨ। ਅਦਾਲਤ ਨੇ ਸ਼ਾਮ ਚਾਰ ਵਜੇ ਦੇ ਕਰੀਬ ਫ਼ੈਸਲਾ ਸੁਣਾਇਆ। ਫ਼ੈਸਲੇ ਤੋਂ ਤੁਰੰਤ ਬਾਅਦ ਪੁਲੀਸ ਵਿਧਾਇਕ ਲਾਲਪੁਰਾ ਨੂੰ ਗੱਡੀ ਵਿੱਚ ਬਿਠਾ ਕੇ ਲੈ ਗਈ। ਅਦਾਲਤੀ ਕੰਪਲੈਕਸ ਦੇ ਆਲੇ-ਦੁਆਲੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ।