ਵਿਧਾਇਕ ਲਾਲਪੁਰਾ ਨੂੰ ਹਾਈ ਕੋਰਟ ਤੋਂ ਰਾਹਤ ਨਾ ਮਿਲੀ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਖਡੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਕੋਈ ਰਾਹਤ ਨਹੀਂ ਦਿੱਤੀ। ਹਾਈ ਕੋਰਟ ਨੇ ਤਰਨ ਤਾਰਨ ਦੀ ਅਦਾਲਤ ਵੱਲੋਂ ਵਿਧਾਇਕ ਨੂੰ ਸੁਣਾਈ ਸਜ਼ਾ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ। ਹਾਈ ਕੋਰਟ ’ਚ ਜਸਟਿਸ ਤ੍ਰਿਭਵਨ ਦਾਹੀਆ ਦੇ ਸਿੰਗਲ ਬੈਂਚ ਨੇ ਹੇਠਲੀ ਅਦਾਲਤ ’ਚੋਂ ਕੇਸ ਦਾ ਰਿਕਾਰਡ ਤਲਬ ਕਰ ਲਿਆ ਹੈ। ਕੇਸ ਦੀ ਅਗਲੀ ਸੁਣਵਾਈ 18 ਨਵੰਬਰ ਨੂੰ ਹੋਵੇਗੀ।
ਦੱਸਣਯੋਗ ਹੈ ਕਿ ਤਰਨ ਤਾਰਨ ਪੁਲੀਸ ਨੇ 3 ਮਾਰਚ 2013 ’ਚ ਮਨਜਿੰਦਰ ਸਿੰਘ ਲਾਲਪੁਰਾ, ਅੱਠ ਪੁਲੀਸ ਮੁਲਾਜ਼ਮਾਂ ਅਤੇ ਤਿੰਨ ਹੋਰਨਾਂ ਖ਼ਿਲਾਫ਼ ਇਕ ਔਰਤ ਦੀ ਕੁੱਟਮਾਰ ਕਰਨ, ਛੇੜਛਾੜ ਅਤੇ ਹਮਲਾ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਸੀ। ਤਰਨ ਤਾਰਨ ਦੀ ਅਦਾਲਤ ਨੇ 10 ਸਤੰਬਰ 2025 ’ਚ ਲਾਲਪੁਰਾ ਅਤੇ ਹੋਰਨਾਂ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਸੀ ਜਿਸ ਖ਼ਿਲਾਫ਼ ਦੋਸ਼ੀਆਂ ਨੇ ਹਾਈ ਕੋਰਟ ’ਚ ਅਪੀਲ ਦਾਇਰ ਕੀਤੀ ਸੀ।
ਹਾਈ ਕੋਰਟ ’ਚੋਂ ਕੋਈ ਰਾਹਤ ਨਾ ਮਿਲਣ ਕਾਰਨ ਹੁਣ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਵਿਧਾਨਸਭਾ ਦੀ ਮੈਂਬਰੀ ਖੁੱਸ ਸਕਦੀ ਹੈ।
