ਡੱਲ ਝੀਲ ’ਚੋਂ ਅਪਰੇਸ਼ਨ ਸਿੰਧੂਰ ਦੌਰਾਨ ਡਿੱਗੀ ਮਿਜ਼ਾਈਲ ਦੇ ਖੋਲ ਮਿਲੇ
ਡੱਲ ਝੀਲ ਦੀ ਸਫ਼ਾਈ ਦੌਰਾਨ ਝੀਲ ਸੰਭਾਲ ਅਤੇ ਪ੍ਰਬੰਧਨ ਅਥਾਰਟੀ (LCMA) ਦੇ ਅਧਿਕਾਰੀਆਂ ਨੂੰ ਇਸ ਵਿਚੋਂ ਕੁਝ ਮਿਜ਼ਾਈਲਾਂ ਦੇ ਖੋਲ ਮਿਲੇ ਹਨ, ਜੋ ਮਈ ਵਿਚ ਆਪ੍ਰੇਸ਼ਨ ਸਿੰਧੂਰ ਦੌਰਾਨ ਡਿੱਗੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਖੋਲਾਂ ਨੂੰ ਨੇੜਲੇ ਪੁਲੀਸ ਸਟੇਸ਼ਨ ਲਿਜਾਇਆ ਗਿਆ ਹੈ ਜਿੱਥੇ ਉਨ੍ਹਾਂ ਨੂੰ ਅਗਲੇਰੀ ਜਾਂਚ ਅਤੇ ਲੋੜੀਂਦੀ ਕਾਰਵਾਈ ਲਈ ਰੱਖਿਆ ਗਿਆ ਹੈ।
ਸ੍ਰੀਨਗਰ ਵਿੱਚ ਸੈਲਾਨੀਆਂ ਲਈ ਪ੍ਰਮੁੱਖ ਅਕਾਰਸ਼ਣ ਕੇਂਦਰ ਡੱਲ ਝੀਲ ਵਿਚ 10 ਮਈ ਦੀ ਸਵੇਰ ਨੂੰ ਇੱਕ ਮਿਜ਼ਾਈਲ ਵਰਗੀ ਵਸਤੂ ਡਿੱਗੀ ਸੀ। ਉਦੋਂ ਸ਼ਹਿਰ ਨੂੰ ਜ਼ੋਰਦਾਰ ਧਮਾਕਿਆਂ ਨੇ ਹਿਲਾ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਸੀ ਕਿ ਜਦੋਂ ਵਸਤੂ ਡਿੱਗੀ ਤਾਂ ਝੀਲ ਦੀ ਸਤਹਿ ਤੋਂ ਧੂੰਆਂ ਉੱਠਿਆ। ਸੁਰੱਖਿਆ ਬਲਾਂ ਨੇ ਮਲਬੇ ਨੂੰ ਬਾਹਰ ਕੱਢਿਆ। ਉਸੇ ਦਿਨ ਸ਼ਹਿਰ ਦੇ ਬਾਹਰਵਾਰ ਲਾਸਜਾਨ ਤੋਂ ਇੱਕ ਹੋਰ ਸ਼ੱਕੀ ਵਸਤੂ ਬਰਾਮਦ ਕੀਤੀ ਗਈ।
ਸ੍ਰੀਨਗਰ ਵਿੱਚ 10 ਮਈ ਨੂੰ ਕਈ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ਹਮਲੇ, ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ, ਤੋਂ ਬਾਅਦ ਪਾਕਿਸਤਾਨ ਖਿਲਾਫ਼ ਆਪ੍ਰੇਸ਼ਨ ਸਿੰਧੂਰ ਤਹਿਤ ਜਵਾਬੀ ਕਾਰਵਾਈ ਕੀਤੀ ਸੀ।