ਵਿਦੇਸ਼ ਮੰਤਰਾਲੇ ਵੱਲੋਂ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਬਾਰੇ ਗਰੈਂਡ ਮੁਫ਼ਤੀ ਦਾ ਦਾਅਵਾ ਖਾਰਜ
ਨਵੀਂ ਦਿੱਲੀ, 29 ਜੁਲਾਈ
ਸਰਕਾਰ ਨੇ ਯਮਨ ਵਿਚ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਬਾਰੇ ‘ਗਰੈਂਡ ਮੁਫ਼ਤੀ ਆਫ਼ ਇੰਡੀਆ’ ਕਾਂਥਾਪੁਰਮ ਏਪੀ ਅਬੂਬਕਰ ਮੁਸਲਿਆਰ ਵੱਲੋਂ ਕੀਤੇ ਗਏ ਹਾਲੀਆ ਦਾਅਵਿਆਂ ਨੂੰ ‘ਗਲਤ’ ਦੱਸਦਿਆਂ ਖਾਰਜ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ (MEA) ਦੇ ਸੂਤਰਾਂ ਨੇ ਕਿਹਾ ਕਿ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਬਾਰੇ ਗ੍ਰੈਂਡ ਮੁਫਤੀ ਦੇ ਦਾਅਵੇ ਨੂੰ ਸਰਕਾਰ ਨੇ ਖਾਰਜ ਕਰ ਦਿੱਤਾ। ਗ੍ਰੈਂਡ ਮੁਫਤੀ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਦਾਅਵਾ ਕੀਤਾ ਸੀ ਕਿ ਭਾਰਤੀ ਨਾਗਰਿਕ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਯਮਨ ਵਿੱਚ ਪੂਰੀ ਤਰ੍ਹਾਂ ਉਲਟਾ ਦਿੱਤੀ ਗਈ ਸੀ। ਹਾਲਾਂਕਿ, ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੇ ਦਫ਼ਤਰ ਨੂੰ ਅਜੇ ਤੱਕ ਯਮਨ ਦੇ ਅਧਿਕਾਰੀਆਂ ਤੋਂ ਫੈਸਲੇ ਦੀ ਪੁਸ਼ਟੀ ਕਰਨ ਵਾਲਾ ਕੋਈ ਅਧਿਕਾਰਤ ਲਿਖਤੀ ਪੱਤਰ ਨਹੀਂ ਮਿਲਿਆ ਹੈ।
ਕੇਰਲਾ ਨਾਲ ਸਬੰਧਤ 37 ਸਾਲਾ ਨਰਸ ਪ੍ਰਿਆ ਨੂੰ 2017 ਵਿੱਚ ਮਹਿਦੀ ਨਾਂ ਦੇ ਯਮਨੀ ਨਾਗਰਿਕ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ 2018 ਵਿੱਚ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਸ ਨੂੰ ਇਸ ਸਾਲ 16 ਜੁਲਾਈ ਨੂੰ ਫਾਂਸੀ ਦਿੱਤੀ ਜਾਣੀ ਸੀ, ਪਰ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।
ਪਹਿਲਾਂ ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਉਸ ਦੀ ਮੌਤ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਉਲਟਾਉਣ ਦਾ ਫੈਸਲਾ ਸਨਾ ਵਿੱਚ ਇੱਕ ਉੱਚ-ਪੱਧਰੀ ਮੀਟਿੰਗ ਦੌਰਾਨ ਕੀਤਾ ਗਿਆ ਸੀ, ਜਿੱਥੇ ਸੀਨੀਅਰ ਯਮਨੀ ਵਿਦਵਾਨ, ਜਿਨ੍ਹਾਂ ਨੂੰ ਭਾਰਤੀ ਗ੍ਰੈਂਡ ਮੁਫਤੀ ਦੀ ਬੇਨਤੀ 'ਤੇ ਸ਼ੇਖ ਉਮਰ ਹਾਫੀਲ ਥੰਗਲ ਵੱਲੋਂ ਚੁਣਿਆ ਗਿਆ ਸੀ, ਨੇ ਉੱਤਰੀ ਯਮਨ ਦੇ ਸ਼ਾਸਕਾਂ ਅਤੇ ਅੰਤਰਰਾਸ਼ਟਰੀ ਡਿਪਲੋਮੈਟਾਂ ਨਾਲ ਗੱਲਬਾਤ ਕੀਤੀ। ਮੁਸਲਿਆਰ ਦੇ ਦਫ਼ਤਰ ਨੇ ਅੱਗੇ ਦਾਅਵਾ ਕੀਤਾ ਕਿ ਮੀਟਿੰਗ ਦੌਰਾਨ ਕੇਸ ਨਾਲ ਸਬੰਧਤ ਕੁਝ ਮੁੱਖ ਫੈਸਲੇ ਲਏ ਗਏ, ਹਾਲਾਂਕਿ ਹੋਰ ਵਿਚਾਰ-ਵਟਾਂਦਰੇ ਦੀ ਉਮੀਦ ਹੈ।