ਰੱਖਿਆ ਮੰਤਰਾਲੇ ਵੱਲੋਂ ਸਾਬਕਾ ਫੌਜੀਆਂ ਤੇ ਪਰਿਵਾਰਾਂ ਨੂੰ ਮਿਲਦੀਆਂ ਤਿੰਨ ਗ੍ਰਾਂਟਾਂ ਵਿਚ ਦੁੱਗਣਾ ਵਾਧਾ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਫੌਜੀਆਂ (Ex-Servicemen) ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਐਕਸ ਸਰਵਿਸਮੈੱਨ ਵੈਲਵੇਅਰ ਵਿਭਾਗ ਵੱਲੋਂ ਕੇਂਦਰੀ ਸੈਨਿਕ ਬੋਰਡ ਰਾਹੀਂ ਲਾਗੂ ਵੱਖ ਵੱਖ ਸਕੀਮਾਂ ਤਹਿਤ ਮਿਲਦੀ ਵਿੱਤੀ ਸਹਾਇਤਾ ਦੁੱਗਣੀ ਕਰ ਦਿੱਤੀ ਹੈ। ਰੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਵਧੇ ਹੋਏ ਲਾਭਾਂ ਦੀ ਸੂਚੀ ਜਾਰੀ ਕੀਤੀ ਹੈ।
'Penury Grant' ਨੂੰ ਪ੍ਰਤੀ ਲਾਭਪਾਤਰੀ 4,000 ਰੁਪਏ ਤੋਂ ਵਧਾ ਕੇ 8,000 ਰੁਪਏ ਪ੍ਰਤੀ ਮਾਸਿਕ ਕੀਤਾ ਗਿਆ ਹੈ। ਇਹ ਗ੍ਰਾਂਟ ਉਨ੍ਹਾਂ ਬਜ਼ੁਰਗ ਸਾਬਕਾ ਸੈਨਿਕਾਂ ਨੂੰ ਮਿਲਦੀ ਹੈਠ ਜੋ ਪੈਨਸ਼ਨ ਲਈ ਯੋਗ ਨਹੀਂ ਸਨ। ਇਹ ਗ੍ਰਾਂਟ 65 ਸਾਲ ਤੋਂ ਵੱਧ ਉਮਰ ਦੀਆਂ ਉਨ੍ਹਾਂ ਦੀਆਂ ਵਿਧਵਾਵਾਂ ’ਤੇ ਵੀ ਲਾਗੂ ਹੋਵੇਗੀ।
ਇਸੇ ਤਰ੍ਹਾਂ ਪਹਿਲੀ ਜਮਾਤ ਤੋਂ ਲੈ ਕੇ ਗਰੈਜੂਏਸ਼ਨ ਤੱਕ ਦੋ ਆਸ਼ਰਿਤ ਬੱਚਿਆਂ ਲਈ ਪ੍ਰਤੀ ਵਿਅਕਤੀ ਮਿਲਦੀ ‘ਸਿੱਖਿਆ ਗ੍ਰਾਂਟ’ ਨੂੰ 1,000 ਰੁਪਏ ਤੋਂ ਵਧਾ ਕੇ 2,000 ਰੁਪਏ ਮਾਸਿਕ ਕੀਤਾ ਗਿਆ ਹੈ। ਸੈਨਿਕਾਂ ਦੀਆਂ ਵਿਧਵਾਵਾਂ ਲਈ ਦੋ ਸਾਲਾਂ ਪੋਸਟ ਗਰੈਜੂਏਟ ਕੋਰਸ ਲਈ ਵੀ ਇਹ ਰਾਸ਼ੀ ਵਧਾਈ ਜਾਵੇਗੀ।
'Marriage Grant' ਵੀ ਪ੍ਰਤੀ ਲਾਭਪਾਤਰੀ 50,000 ਰੁਪਏ ਤੋਂ ਵਧਾ ਕੇ 1,00,000 ਰੁਪਏ ਕਰ ਦਿੱਤੀ ਗਈ ਹੈ। ਇਹ ਸਾਬਕਾ ਸੈਨਿਕਾਂ ਦੀਆਂ ਦੋ ਧੀਆਂ ਤੱਕ ਅਤੇ ਵਿਧਵਾ ਪੁਨਰ-ਵਿਆਹ ਲਈ ਲਾਗੂ ਹੈ।
ਸੋਧੀਆਂ ਦਰਾਂ 1 ਨਵੰਬਰ, 2025 ਤੋਂ ਜਮ੍ਹਾਂ ਕਰਵਾਈਆਂ ਗਈਆਂ ਅਰਜ਼ੀਆਂ ’ਤੇ ਲਾਗੂ ਹੋਣਗੀਆਂ। ਇਸ ਨਾਲ 257 ਕਰੋੜ ਰੁਪਏ ਦਾ ਸਾਲਾਨਾ ਵਿੱਤੀ ਬੋਝ ਪਏਗਾ, ਜੋ ਆਰਮਡ ਫੋਰਸਿਜ਼ ਫਲੈਗ ਡੇਅ ਫੰਡ (AFFDF) ਤੋਂ ਪੂਰਾ ਕੀਤਾ ਜਾਵੇਗਾ। ਇਨ੍ਹਾਂ ਯੋਜਨਾਵਾਂ ਨੂੰ ‘ਰਕਸ਼ਾ ਮੰਤਰੀ ਐਕਸ-ਸਰਵਿਸਮੈਨ ਵੈਲਫੇਅਰ ਫੰਡ’ ਰਾਹੀਂ ਫੰਡ ਦਿੱਤਾ ਜਾਂਦਾ ਹੈ, ਜੋ ਕਿ ਆਰਮਡ ਫੋਰਸਿਜ਼ ਫਲੈਗ ਡੇਅ ਫੰਡ (AFFDF) ਦਾ ਇੱਕ ਉਪ ਸਮੂਹ ਹੈ।