ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਿੱਡੂਖੇੜਾ ਕਤਲ ਕਾਂਡ: ਮੁਹਾਲੀ ਅਦਾਲਤ ਵੱਲੋਂ ਤਿੰਨ ਗੈਂਗਸਟਰਾਂ ਨੂੰ ਉਮਰ ਕੈਦ

* ਪੰਜਾਬ ਦੇ ਡੀਜੀਪੀ ਨੂੰ ਪੰਜ ਫ਼ਰਾਰ ਮੁਲਜ਼ਮਾਂ ਬਾਰੇ ਤਫ਼ਤੀਸ਼ ਤੇਜ਼ ਕਰਨ ਦੇ ਹੁਕਮ * ਸਬੂਤਾਂ ਦੀ ਘਾਟ ਕਾਰਨ ਗੈਂਗਸਟਰ ਭੂਪੀ ਰਾਣਾ, ਅਮਿਤ ਡਾਗਰ ਤੇ ਕੌਸ਼ਲ ਚੌਧਰੀ ਬਰੀ ਦਰਸ਼ਨ ਸਿੰਘ ਸੋਢੀ ਐੱਸਏਐੱਸ ਨਗਰ (ਮੁਹਾਲੀ), 27 ਜਨਵਰੀ ਮੁਹਾਲੀ ਦੀ ਵਿਸ਼ੇਸ਼ ਅਦਾਲਤ...
Advertisement

* ਪੰਜਾਬ ਦੇ ਡੀਜੀਪੀ ਨੂੰ ਪੰਜ ਫ਼ਰਾਰ ਮੁਲਜ਼ਮਾਂ ਬਾਰੇ ਤਫ਼ਤੀਸ਼ ਤੇਜ਼ ਕਰਨ ਦੇ ਹੁਕਮ

* ਸਬੂਤਾਂ ਦੀ ਘਾਟ ਕਾਰਨ ਗੈਂਗਸਟਰ ਭੂਪੀ ਰਾਣਾ, ਅਮਿਤ ਡਾਗਰ ਤੇ ਕੌਸ਼ਲ ਚੌਧਰੀ ਬਰੀ

Advertisement

ਦਰਸ਼ਨ ਸਿੰਘ ਸੋਢੀ

ਐੱਸਏਐੱਸ ਨਗਰ (ਮੁਹਾਲੀ), 27 ਜਨਵਰੀ

ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਸਾਬਕਾ ਪ੍ਰਧਾਨ ਵਿਕਰਮਜੀਤ ਸਿੰਘ ਉਰਫ਼ ਵਿੱਕੀ ਮਿੱਡੂਖੇੜਾ ਦੇ ਚਾਰ ਸਾਲ ਪੁਰਾਣੇ ਕਤਲ ਮਾਮਲੇ ਦਾ ਨਿਬੇੜਾ ਕਰਦਿਆਂ ਤਿੰਨ ਮੁਲਜ਼ਮਾਂ ਗੈਂਗਸਟਰ ਅਜੈ ਲੈਫ਼ਟੀ, ਸੱਜਣ ਭੋਲੂ ਅਤੇ ਅਨਿਲ ਲੱਠ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਅਤੇ ਦੋ-ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਗੈਂਗਸਟਰਾਂ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ, ਅਨਿਲ ਡਾਗਰ ਅਤੇ ਕੌਸ਼ਲ ਚੌਧਰੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਸਮੇਂ ਇਹ ਸਾਰੇ ਗੈਂਗਸਟਰ ਪਹਿਲਾਂ ਹੀ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਹਨ। ਇਸ ਤੋਂ ਇਲਾਵਾ ਮੁਹਾਲੀ ਪੁਲੀਸ ਵੱਲੋਂ ਹੋਰ ਵੀ ਕਈ ਗੈਂਗਸਟਰਾਂ ਨੂੰ ਜੇਲ੍ਹਾਂ ’ਚੋਂ ਪ੍ਰੋਡਕਸ਼ਨ ਵਰੰਟਾਂ ’ਤੇ ਲਿਆ ਕੇ ਪੁੱਛ-ਪੜਤਾਲ ਕੀਤੀ ਗਈ ਸੀ।

ਗੈਂਗਸਟਰ ਸੱਜਣ ਭੋਲੂ ਅਤੇ ਅਨਿਲ ਲੱਠ ਨੂੰ ਅਦਾਲਤ ਵਿੱਚ ਲਿਜਾਂਦੀ ਹੋਈ ਪੁਲੀਸ। -ਫੋਟੋ: ਵਿੱਕੀ ਘਾਰੂ

ਮਿੱਡੂਖੇੜਾ ਪਰਿਵਾਰ ਵੱਲੋਂ ਕੇਸ ਲੜਨ ਵਾਲੇ ਸੀਨੀਅਰ ਵਕੀਲ ਐੱਚਐੱਸ ਧਨੋਆ ਨੇ ਦੱਸਿਆ ਕਿ ਦੋਸ਼ੀਆਂ ਨੂੰ ਧਾਰਾ 302 ਵਿੱਚ ਉਮਰ ਕੈਦ, ਅਸਲਾ ਐਕਟ ਵਿੱਚ ਸੱਤ-ਸੱਤ ਸਾਲ ਅਤੇ ਧਾਰਾ 482 ਵਿੱਚ 1-1 ਸਾਲ ਦੀ ਕੈਦ ਤੇ ਦੋ-ਦੋ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਨਾਲ ਹੀ ਅਦਾਲਤ ਨੇ ਪੰਜਾਬ ਦੇ ਡੀਜੀਪੀ ਨੂੰ ਸਖ਼ਤ ਆਦੇਸ਼ ਦਿੱਤੇ ਹਨ ਕਿ ਇਸ ਮਾਮਲੇ ਵਿੱਚ ਫ਼ਰਾਰ ਚੱਲ ਰਹੇ ਪੰਜ ਮੁਲਜ਼ਮਾਂ ਗੈਂਸਗਟਰ ਗੌਰਵ ਪਟਿਆਲ, ਧਰਮਿੰਦਰ ਗੁਗਨੀ, ਸੋਮ ਵੀਰ, ਰਵਿੰਦਰ ਚੌਹਾਨ ਅਤੇ ਸ਼ਗਨਪ੍ਰੀਤ ਸਿੰਘ ਬਾਰੇ ਤਫ਼ਤੀਸ਼ ਤੇਜ਼ ਕੀਤੀ ਜਾਵੇ। ਸ਼ਗਨਪ੍ਰੀਤ ਮਰਹੂਮ ਗਾਇਕ ਸਿੱਧੂ ਮੂਸੇਵਾਲ ਦਾ ਮੈਨੇਜਰ ਰਿਹਾ ਹੈ। ਜ਼ਿਕਰਯੋਗ ਹੈ ਕਿ 7 ਅਗਸਤ 2021 ਨੂੰ ਮੁਹਾਲੀ ਵਿੱਚ ਦਿਨ-ਦਿਹਾੜੇ ਨਕਾਬਪੋਸ਼ਾਂ ਨੇ ਵਿੱਕੀ ਮਿੱਡੂਖੇੜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਸ ਨੂੰ ਮਾਰਨ ਦੀ ਜ਼ਿੰਮੇਵਾਰੀ ਗੈਂਗਸਟਰ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਸੀ। ਵਿੱਕੀ ਮਿੱਡੂਖੇੜਾ ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਮੇਤ ਕਾਲਜਾਂ ਦੀਆਂ ਵਿਦਿਆਰਥੀ ਜਥੇਬੰਦੀ ਦੀਆਂ ਚੋਣਾਂ ਵਿੱਚ ਹਮੇਸ਼ਾ ਅਹਿਮ ਭੂਮਿਕਾ ਹੁੰਦੀ ਸੀ। ਉਹ ਅਕਾਲੀ ਦਲ ਦੀਆਂ ਗਤੀਵਿਧੀਆਂ ਵਿੱਚ ਵੀ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ। ਉਹ ਬਹੁਤ ਹੀ ਘੱਟ ਸਮੇਂ ਵਿੱਚ ਬਾਦਲ ਪਰਿਵਾਰ ਅਤੇ ਬਿਕਰਮ ਸਿੰਘ ਮਜੀਠੀਆ ਸਮੇਤ ਵੱਡੇ ਆਗੂਆਂ ਦਾ ਚਹੇਤਾ ਬਣਾ ਗਿਆ ਸੀ।

ਮਿੱਡੂਖੇੜਾ ਦਾ ਪਰਿਵਾਰ ਅਦਾਲਤ ਦੇ ਫ਼ੈਸਲੇ ਤੋਂ ਅਸੰਤੁਸ਼ਟ

ਵਿੱਕੀ ਮਿੱਡੂਖੇੜਾ ਦਾ ਵੱਡਾ ਭਰਾ ਅਤੇ ਸੀਨੀਅਰ ਅਕਾਲੀ ਆਗੂ ਅਜੈਪਾਲ ਸਿੰਘ ਮਿੱਡੂਖੇੜਾ ਮੁਹਾਲੀ ਅਦਾਲਤ ਦੈ ਫ਼ੈਸਲੇ ਤੋਂ ਅਸੰਤੁਸ਼ਟ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਆਖਰੀ ਦਮ ਤੱਕ ਲੜਾਈ ਜਾਰੀ ਰਹੇਗੀ। ਵਕੀਲ ਐੱਚਐੱਸ ਧਨੋਆ ਨੇ ਦੱਸਿਆ ਕਿ ਅਦਾਲਤ ਦੇ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਸ਼ਿਕਾਇਤਕਰਤਾ ਵੱਲੋਂ ਇਨਸਾਫ਼ ਪ੍ਰਾਪਤੀ ਲਈ ਉਪਰਲੀ ਅਦਾਲਤ ਦਾ ਬੂਹਾ ਖੜਕਾਇਆ ਜਾਵੇਗਾ। ਕਿਤੇ ਨਾ ਕਿਤੇ ਪੀੜਤ ਪਰਿਵਾਰ ਇਹ ਚਾਹੁੰਦਾ ਹੈ ਕਿ ਦੋਸ਼ੀਆਂ ਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਧਨੋਆ ਨੇ ਦੱਸਿਆ ਕਿ ਬਰੀ ਕੀਤੇ ਗਏ ਗੈਂਗਸਟਰਾਂ ਦੇ ਮਾਮਲੇ ਵਿੱਚ ਵੀ ਉਪਰਲੀ ਅਦਾਲਤ ’ਚ ਚੁਣੌਤੀ ਦਿੱਤੀ ਜਾਵੇਗੀ।

Advertisement
Show comments