ਜੰਗ ਜਿੱਤਣ ਲਈ ਮਹਿਜ਼ ਜਵਾਨਾਂ ਦੀ ਗਿਣਤੀ ਜਾਂ ਹਥਿਆਰਾਂ ਦੇ ਜ਼ਖ਼ੀਰੇ ਕਾਫੀ ਨਹੀਂ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਅਣਕਿਆਸੇ ਭੂ-ਸਿਆਸੀ ਹਾਲਾਤ ਨੂੰ ਦੇਖਦੇ ਹੋਏ ਦੇਸ਼ ਦੇ ਹਥਿਆਰਬੰਦ ਬਲਾਂ ਨੂੰ ਘੱਟ ਸਮੇਂ ਦੇ ਸੰਘਰਸ਼ਾਂ ਤੋਂ ਲੈ ਕੇ ਪੰਜ ਸਾਲ ਤੱਕ ਦੀ ਜੰਗ ਸਣੇ ਹਰ ਤਰ੍ਹਾਂ ਦੀਆਂ ਸੁਰੱਖਿਆ ਚੁਣੌਤੀਆਂ ਲਈ ਤਿਆਰ ਰਹਿਣਾ ਚਾਹੀਦਾ ਹੈ। ਮਹੂ ਫੌਜੀ ਛਾਉਣੀ ਦੇ ਆਰਮੀ ਵਾਰ ਕਾਲਜ ਵਿੱਚ ਤਿੰਨੋਂ ਸੈਨਾਵਾਂ ਦੇ ਸਾਂਝੇ ਸੰਮੇਲਨ ‘ਰਣ ਸੰਵਾਦ’ ਦੇ ਦੂਜੇ ਅਤੇ ਆਖ਼ਰੀ ਦਿਨ ਪੂਰੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਰਾਜਨਾਥ ਸਿੰਘ ਨੇ ਇਹ ਗੱਲ ਕਹੀ।
ਰਾਜਨਾਥ ਸਿੰਘ ਨੇ ਫੌਜੀ ਸੰਘਰਸ਼ਾਂ ਵਿੱਚ ਜਿੱਤ ਹਾਸਲ ਕਰਨ ਦੇ ਸੰਦਰਭ ਵਿੱਚ ਇਹ ਵੀ ਕਿਹਾ ਕਿ ਫੌਜੀਆਂ ਦੀ ਗਿਣਤੀ ਜਾਂ ਹਥਿਆਰਾਂ ਦੇ ਭੰਡਾਰਾਂ ਦਾ ਆਕਾਰ ਹੁਣ ਨਾਕਾਫੀ ਹੈ ਕਿਉਂਕਿ ਸਾਈਬਰ ਜੰਗ, ਮਸਨੂਈ ਬੌਧਿਕਤਾ (ਏਆਈ), ਡਰੋਨ ਅਤੇ ਉਪ ਗ੍ਰਹਿ ਆਧਾਰਿਤ ਨਿਗਰਾਨ ਪ੍ਰਣਾਲੀ ਭਵਿੱਖ ਦੀਆਂ ਜੰਗਾਂ ਨੂੰ ਪਰਿਭਾਸ਼ਿਤ ਕਰ ਰਹੀ ਹੈ। ਸਿੰਘ ਨੇ ਕਿਹਾ ਕਿ ਸਟੀਕਤਾ ਨਾਲ ਹਮਲਾ ਕਰਨ ਵਾਲੇ ਹਥਿਆਰ, ਅਸਲ ਸਮੇਂ ਵਿੱਚ ਮਿਲਣ ਵਾਲੀ ਖ਼ੁਫੀਆ ਜਾਣਕਾਰੀ ਅਤੇ ਡੇਟਾ ਤੋਂ ਹਾਸਲ ਹੋਣ ਵਾਲੀਆਂ ਸੂਚਨਾਵਾਂ ਹੁਣ ਕਿਸੇ ਵੀ ਫੌਜੀ ਸੰਘਰਸ਼ ਵਿੱਚ ਸਫ਼ਲਤਾ ਦੀ ਨੀਂਹ ਬਣ ਗਈਆਂ ਹਨ।
ਕੌਮੀ ਸੁਰੱਖਿਆ ਦੀਆਂ ਚੁਣੌਤੀਆਂ ’ਤੇ ਚਰਚਾ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਕਿਸੇ ਦੀ ਜ਼ਮੀਨ ਨਹੀਂ ਚਾਹੁੰਦਾ, ਪਰ ਆਪਣੀ ਖੇਤਰੀ ਅਖੰਡਤਾ ਦੀ ਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਸਿੰਘ ਨੇ ਕਿਹਾ, ‘‘ਅੱਜ ਦੇ ਦੌਰ ਵਿੱਚ ਜੰਗਾਂ ਐਨੀਆਂ ਅਚਨਚੇਤ ਤੇ ਅਣਕਿਆਸੀਆਂ ਹੋ ਗਈਆਂ ਹਨ ਕਿ ਇਹ ਅੰਦਾਜ਼ਾ ਲਗਾਉਣਾ ਕਾਫੀ ਮੁਸ਼ਕਿਲ ਹੈ ਕਿ ਕੋਈ ਜੰਗ ਕਦੋਂ ਖ਼ਤਮ ਹੋਵੇਗੀ ਅਤੇ ਕਿੰਨਾ ਸਮਾਂ ਚੱਲੇਗੀ।’’ ਭਾਰਤੀ ਹਥਿਆਰਬੰਦ ਬਲਾਂ ਨੂੰ ਹਰੇਕ ਹਾਲਾਤ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ, ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਅਤੇ ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਸਣੇ ਦੇਸ਼ ਦੇ ਚੋਟੀ ਦੇ ਫੌਜੀ ਅਧਿਕਾਰੀ ਵੀ ਹਾਜ਼ਰ ਸਨ।
ਤਿੰਨੋਂ ਸੈਨਾਵਾਂ ਦੀ ਸਾਂਝੀ ਥੀਏਟਰ ਕਮਾਂਡ ਦਾ ਮਾਮਲਾ ਖੁੱਲ੍ਹੇਪਣ ਨਾਲ ਸੁਲਝਾਵਾਂਗੇ: ਸੀਡੀਐੱਸ
ਮਹੂ (ਮੱਧ ਪ੍ਰਦੇਸ਼): ਚੀਫ਼ ਆਫ਼ ਡਿਫੈਂਸ ਸਟਾਫ਼ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਅੱਜ ਕਿਹਾ ਕਿ ਤਿੰਨੋਂ ਸੈਨਾਵਾਂ ਦੀ ਸਾਂਝੀ ਥੀਏਟਰ ਕਮਾਂਡ ਦੀ ਯੋਜਨਾ ਨੂੰ ਲੈ ਕੇ ਥਲ ਸੈਨਾ ਵਿੱਚ ਪੈਦਾ ਹੋਈ ਅਸਹਿਮਤੀ ਨੂੰ ਦੇਸ਼ ਦੇ ਸਰਵੋਤਮ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਦੂਰ ਕੀਤਾ ਜਾਵੇਗਾ। ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਨੇ ਇਸ ਯੋਜਨਾ ’ਤੇ ਜਲਦਬਾਜ਼ੀ ਵਿੱਚ ਅੱਗੇ ਵਧਣ ਪ੍ਰਤੀ ਮੰਗਲਵਾਰ ਨੂੰ ਚੌਕਸ ਕੀਤਾ ਸੀ ਅਤੇ ਤਿੰਨੋਂ ਸੈਨਾਵਾਂ ਦਰਮਿਆਨ ਤਾਲਮੇਲ ਯਕੀਨੀ ਬਣਾਉਣ ਲਈ ਦਿੱਲੀ ਵਿੱਚ ਚੋਟੀ ਦੇ ਫੌਜੀ ਅਧਿਕਾਰੀਆਂ ਵਾਲਾ ਇਕ ਸਾਂਝਾ ਯੋਜਨਾ ਤੇ ਤਾਲਮੇਲ ਕੇਂਦਰ ਸਥਾਪਤ ਕਰਨ ਦੀ ਤਜਵੀਜ਼ ਰੱਖੀ ਸੀ। ਦੂਜੇ ਪਾਸੇ, ਜਲ ਸੈਨਾ ਮੁਖੀ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਕਿਹਾ ਕਿ ਥਲ ਸੈਨਾ ਅਤੇ ਹਵਾਈ ਸੈਨਾ ਦੇ ਨਾਲ ਆਪਣੀ ਕਮਾਂਡ ਅਤੇ ਕੰਟਰੋਲ, ਸੰਚਾਰ ਤੇ ਜੰਗੀ ਸਮਰੱਥਾਵਾਂ ਦਾ ਤਾਲਮੇਲ ਕਾਇਮ ਕਰਨ ਲਈ ਵਚਨਬੱਧ ਹੈ। -ਪੀਟੀਆਈ