ਭਾਰਤ ਦੀ ‘ਗੁਆਂਢੀ ਪਹਿਲਾਂ’ ਨੀਤੀ ’ਚ ਮਾਰੀਸ਼ਸ ਦਾ ਵਿਸ਼ੇਸ਼ ਸਥਾਨ: ਮੁਰਮੂ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਮਾਰੀਸ਼ਸ ਦਰਮਿਆਨ ਦੁਵੱਲਾ ਸਹਿਯੋਗ ਹੁਣ ਪੁਲਾੜ ਖੇਤਰ ਅਤੇ ਡਿਜੀਟਲ ਤਕਨਾਲੋਜੀ ਸਮੇਤ ਨਵੇਂ ਖੇਤਰਾਂ ਵਿੱਚ ਵਧ ਰਿਹਾ ਹੈ। ਰਾਸ਼ਟਰਪਤੀ ਭਵਨ ਵਿੱਚ ਰਾਮਗੁਲਾਮ ਦਾ ਸਵਾਗਤ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਮਾਰੀਸ਼ਸ ਭਾਰਤ ਦੀ ‘ਗੁਆਂਢੀ ਪਹਿਲਾਂ’ ਨੀਤੀ, ਜਲ ਖੇਤਰ ਦੇ ਨਜ਼ਰੀਏ ਅਤੇ ਗਲੋਬਲ ਸਾਊਥ ਪ੍ਰਤੀ ਦੇਸ਼ ਦੀ ਵਚਨਬੱਧਤਾ ਵਿੱਚ ਇੱਕ ਵਿਸ਼ੇਸ਼ ਸਥਾਨ ਰੱਖਦਾ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ, ਰਾਸ਼ਟਰਪਤੀ ਨੂੰ ਇਹ ਜਾਣ ਕੇ ਖੁਸ਼ੀ ਹੋਈ ਕਿ ਭਾਰਤ ਅਤੇ ਮਾਰੀਸ਼ਸ ਦਰਮਿਆਨ ਭਾਈਵਾਲੀ ਅਤੇ ਸਹਿਯੋਗ ਹਰ ਖੇਤਰ ਵਿੱਚ ਲਗਾਤਾਰ ਵਧ ਰਿਹਾ ਹੈ। ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਮਾਰੀਸ਼ਸ ਸਰਕਾਰ ਦੀਆਂ ਵਿਕਾਸਮੁਖੀ ਤਰਜੀਹਾਂ ਦਾ ਸਮਰਥਨ ਕਰਦਾ ਹੈ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਨਵਾਂ ਵਿਸ਼ੇਸ਼ ਆਰਥਿਕ ਪੈਕੇਜ ਮਾਰੀਸ਼ਸ ਸਰਕਾਰ ਅਤੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕਰੇਗਾ। ਮੁਰਮੂ ਨੇ ਕਿਹਾ ਕਿ ਹਸਪਤਾਲ, ਸੜਕਾਂ, ਬੰਦਰਗਾਹ ਵਿਕਾਸ, ਰੱਖਿਆ ਖਰੀਦ ਅਤੇ ਸਾਂਝੀ ਨਿਗਰਾਨੀ ਵਰਗੇ ਪ੍ਰਾਜੈਕਟਾਂ ਨਾਲ ਬੁਨਿਆਦੀ ਢਾਂਚਾ ਮਜ਼ਬੂਤ ਹੋਵੇਗਾ ਅਤੇ ਆਉਣ ਵਾਲੇ ਸਾਲਾਂ ਵਿੱਚ ਲੋਕਾਂ ਦੇ ਜੀਵਨ ’ਤੇ ਹਾਂ ਪੱਖੀ ਪ੍ਰਭਾਵ ਪਵੇਗਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਮੁਲਾਕਾਤ ਦੇ ਨਾਲ ਹੀ ਪ੍ਰਧਾਨ ਮੰਤਰੀ ਰਾਮਗੁਲਾਮ ਦਾ 9 ਤੋਂ 16 ਸਤੰਬਰ ਤੱਕ ਭਾਰਤ ਦਾ ਅਧਿਕਾਰਿਤ ਦੌਰਾ ਸਮਾਪਤ ਹੋ ਗਿਆ ਹੈ।
ਸੋਨੀਆ ਤੇ ਰਾਹੁਲ ਨੂੰ ਵੀ ਮਿਲੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ
ਨਵੀਂ ਦਿੱਲੀ: ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਾਮ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ ਅਤੇ ਮਾਰੀਸ਼ਸ ਨੂੰ ਜੋੜਨ ਵਾਲੀ ‘ਸਥਾਈ ਦੋਸਤੀ’ ਬਾਰੇ ਚਰਚਾ ਕੀਤੀ। ਸੂਤਰਾਂ ਨੇ ਦੱਸਿਆ ਕਿ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਸਬੰਧਾਂ ਅਤੇ ਭਾਈਵਾਲੀ ਬਾਰੇ ਚਰਚਾ ਕੀਤੀ ਗਈ। ਰਾਹੁਲ ਗਾਂਧੀ ਨੇ ਆਪਣੇ ਵ੍ਹਟਸਐਪ ਚੈਨਲ ’ਤੇ ਮੁਲਾਕਾਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘‘ਅਸੀਂ ਆਪਣੇ ਦੋਵਾਂ ਦੇਸ਼ਾਂ ਅਤੇ ਲੋਕਾਂ ਨੂੰ ਜੋੜਨ ਵਾਲੀ ਸਥਾਈ ਦੋਸਤੀ ਬਾਰੇ ਚਰਚਾ ਕੀਤੀ।’’ -ਪੀਟੀਆਈ