ਮਨੀਪੁਰ ਦੇ ਫੁੰਗਯਾਰ ਹਲਕੇ ਵਿੱਚ ਭਾਜਪਾ ਮੈਂਬਰਾਂ ਵੱਲੋਂ ਸਮੂਹਿਕ ਅਸਤੀਫ਼ਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤਰ-ਪੂਰਬੀ ਰਾਜ ਦੇ ਸੰਭਾਵਿਤ ਦੌਰੇ ਤੋਂ ਕੁਝ ਦਿਨ ਪਹਿਲਾਂ, ਵੀਰਵਾਰ ਨੂੰ ਮਨੀਪੁਰ ਦੇ ਉਖਰੁਲ ਜ਼ਿਲ੍ਹੇ ਦੇ ਫੁੰਗਯਾਰ Phungyar ਹਲਕੇ ਵਿੱਚ ਘੱਟੋ-ਘੱਟ 43 ਭਾਜਪਾ ਮੈਂਬਰਾਂ ਨੇ ਸਮੂਹਿਕ ਤੌਰ ’ਤੇ ਅਸਤੀਫਾ ਦੇ ਦਿੱਤਾ।
ਪਾਰਟੀ ਦੇ ਇੱਕ ਅਹੁਦੇਦਾਰ ਨੇ ਇਹ ਜਾਣਕਾਰੀ ਦਿੱਤੀ। ਨਾਗਾ-ਬਹੁ-ਪ੍ਰਭਾਵ ਵਾਲੇ ਜ਼ਿਲ੍ਹੇ ਵਿੱਚ ਪਾਰਟੀ ਦੇ ਫੁੰਗਯਾਰ ਮੰਡਲ ਤੋਂ ਅਸਤੀਫਾ ਦੇਣ ਵਾਲਿਆਂ ਵਿੱਚ ਮੰਡਲ ਪ੍ਰਧਾਨ, ਮਹਿਲਾ, ਯੁਵਾ ਅਤੇ ਕਿਸਾਨ ਮੋਰਚਾ ਮੁਖੀ ਅਤੇ ਹਲਕੇ ਦੇ ਬੂਥ ਪ੍ਰਧਾਨ ਸ਼ਾਮਲ ਹਨ।
ਸੂਬਾ ਭਾਜਪਾ ਨੇ ਹਾਲੇ ਤੱਕ ਅਸਤੀਫਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਇੱਕ ਬਿਆਨ ਵਿੱਚ ਭਾਜਪਾ ਮੈਂਬਰਾਂ ਨੇ ਕਿਹਾ ਕਿ ਉਹ ‘‘ਪਾਰਟੀ ਅੰਦਰ ਮੌਜੂਦਾ ਸਥਿਤੀ ਬਾਰੇ ਬਹੁਤ ਚਿੰਤਤ ਹਨ’’ ਅਤੇ ਉਨ੍ਹਾਂ ਨੇ ਇਸ ਕਦਮ ਪਿੱਛੇ ‘‘ਜ਼ਮੀਨੀ ਪੱਧਰ ਦੀ ਲੀਡਰਸ਼ਿਪ ਲਈ ਸਲਾਹ-ਮਸ਼ਵਰੇ, ਸਮਾਵੇਸ਼ ਅਤੇ ਸਤਿਕਾਰ ਦੀ ਘਾਟ’ ਨੂੰ ਮੁੱਖ ਕਾਰਨ ਕਰਾਰ ਦਿੱਤਾ।
ਬਿਆਨ ਵਿੱਚ ਕਿਹਾ ਗਿਆ, ‘‘ਪਾਰਟੀ ਅਤੇ ਇਸ ਦੀ ਵਿਚਾਰਧਾਰਾ ਪ੍ਰਤੀ ਸਾਡੀ ਵਫ਼ਾਦਾਰੀ ਹਮੇਸ਼ਾ ਅਟੱਲ ਰਹੀ ਹੈ। ਅਸੀਂ ਆਪਣੇ ਭਾਈਚਾਰੇ ਅਤੇ ਮਨੀਪੁਰ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ।’’
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਦੇ ਸ਼ਨਿਚਰਵਾਰ ਨੂੰ ਮਨੀਪੁਰ ਪਹੁੰਚਣ ਦੀ ਉਮੀਦ ਹੈ। ਮਈ 2023 ਵਿੱਚ ਇੰਫਾਲ ਘਾਟੀ ਦੇ ਮੈਤੇਈ ਅਤੇ ਆਲੇ ਦੁਆਲੇ ਦੇ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਕੁਕੀ-ਜ਼ੋ ਲੋਕਾਂ ਵਿਚਕਾਰ ਨਸਲੀ ਹਿੰਸਾ ਸ਼ੁਰੂ ਹੋਣ ਤੋਂ ਬਾਅਦ ਇਹ ਉੱਤਰ-ਪੂਰਬੀ ਰਾਜ ਦਾ ਉਨ੍ਹਾਂ ਦਾ ਪਹਿਲਾ ਦੌਰਾ ਹੋਵੇਗਾ। ਹਿੰਸਾ ਵਿੱਚ 260 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ। ਫਰਵਰੀ ਵਿੱਚ ਮੁੱਖ ਮੰਤਰੀ ਐਨ. ਬੀਰੇਨ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਕੇਂਦਰ ਨੇ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਸੀ।