ਭਾਰਤੀ ਮਿਜ਼ਾਈਲ ਹਮਲੇ ਵਿੱਚ ਮਸੂਦ ਅਜ਼ਹਰ ਦਾ ਪਰਿਵਾਰ ਮਾਰਿਆ ਗਿਆ
ਜੈਸ਼-ਏ-ਮੁਹੰਮਦ (ਜੇਈਐੱਮ) ਦੇ ਇੱਕ ਕਮਾਂਡਰ ਨੇ ਮੰਨਿਆ ਕਿ 7 ਮਈ ਨੂੰ ਪਾਕਿਸਤਾਨ ਦੇ ਬਹਾਵਲਪੁਰ ’ਚ ਸੰਗਠਨ ਦੇ ਹੈੱਡਕੁਆਰਟਰ ’ਤੇ ਭਾਰਤੀ ਮਿਜ਼ਾਈਲ ਦੇ ਹਮਲੇ ਕਾਰਨ ਇਸ ਦੇ ਮੁਖੀ ਮਸੂਦ ਅਜ਼ਹਰ ਦੇ ਪਰਿਵਾਰਕ ਮੈਂਬਰਾਂ ਦੇ ਟੋਟੇ-ਟੋਟੇ ਹੋ ਗਏ ਸਨ।
ਅੱਜ ਇੱਕ ਯੂਟਿਊਬ ਚੈਨਲ ’ਤੇ ਅਪਲੋਡ ਵੀਡੀਓ ’ਚ ਜੈਸ਼ ਏ-ਮੁਹੰਮਦ ਦਾ ਕਮਾਂਡਰ ਇਲਿਆਸ ਕਸ਼ਮੀਰੀ ਭਾਰਤੀ ਹਮਲੇ ਜਿਸ ਵਿੱਚ ਮਸੂਦ ਅਜ਼ਹਰ ਦੇ ਪਰਿਵਾਰਕ ਮੈਂਬਰ ਮਾਰੇ ਗਏ ਸਨ, ਉੱਤੇ ਗੁੱਸਾ ਜਾਹਿਰ ਕਰਦਾ ਅਤੇ ਪਾਕਿਸਤਾਨ ਲਈ ਗੁਆਂਢੀ ਮੁਲਕਾਂ ਨਾਲ ਲੜਨ ਦੀ ਗੱਲ ਆਖਦਾ ਸੁਣਾਈ ਦੇ ਰਿਹਾ ਹੈ।
ਮੰਨਿਆ ਜਾ ਰਿਹਾ ਹੈ ਕਿ ਕਸ਼ਮੀਰੀ 6 ਸਤੰਬਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹੋਏ ਮਿਸ਼ਨ ਮੁਸਤਫ਼ਾ ਸੰਮੇਲਨ ’ਚ ਬੋਲ ਰਿਹਾ ਸੀ। ਹਥਿਆਰਬੰਦ ਵਿਅਕਤੀਆਂ ਦੇ ਘੇਰੇ ’ਚ ਖੜ੍ਹੇ ਕਸ਼ਮੀਰੀ ਨੇ ਕਿਹਾ, ‘‘ਇਸ ਮੁਲਕ ਦੀਆਂ ਵਿਚਾਰਕ ਤੇ ਭੂਗੋਲਿਕ ਹੱਦਾਂ ਦੀ ਰੱਖਿਆ ਲਈ ਅਸੀਂ ਦਿੱਲੀ, ਕਾਬੁਲ ਅਤੇ ਕੰਧਾਰ ’ਤੇ ਹਮਲਾ ਕੀਤਾ (ਜੇਹਾਦ ਛੇੜਿਆ)। ਅਤੇ ਆਪਣਾ ਸਭ ਕੁਝ ਕੁਰਬਾਨ ਕਰਨ ਮਗਰੋਂ 7 ਮਈ ਨੂੰ ਬਹਾਵਾਲਪੁਰ ’ਚ ਮੌਲਾਨਾ ਮਸੂਦ ਅਜ਼ਹਰ ਦੇ ਪਰਿਵਾਰਕ ਮੈਂਬਰਾਂ ਨੂੰ (ਭਾਰਤੀ ਹਮਲੇ ’ਚ) ਮਾਰ ਦਿੱਤਾ ਗਿਆ।’’ ਦੱਸਣਯੋਗ ਹੈ ਕਿ ਅਪਰੈਲ ਮਹੀਨੇ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਦਹਿਸ਼ਤੀ ਹਮਲੇ ’ਚ 26 ਵਿਅਕਤੀਆਂ ਦੇ ਮਾਰੇ ਜਾਣ ਮਗਰੋਂ ਭਾਰਤ-ਪਾਕਿਸਤਾਨ ਦਰਮਿਆਨ ਤਣਾਅ ਵਧ ਗਿਆ ਸੀ। ਪਹਿਲਗਾਮ ਹਮਲੇ ਦੇ ਜਵਾਬ ’ਚ ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਤਹਿਤ 7 ਮਈ ਨੂੰ ਜੈਸ਼-ਏ-ਮੁਹੰਮਦ ਦੇ ਗੜ੍ਹ ਮੰਨੇ ਜਾਂਦੇ ਬਹਾਵਲਪੁਰ ਸਣੇ ਹੋਰ ਅਤਿਵਾਦੀ ਟਿਕਾਣਿਆਂ ’ਤੇ ਹਮਲੇ ਕੀਤੇ ਸਨ। ਅਜ਼ਹਰ ਦੇ ਹਵਾਲੇ ਨਾਲ ਇੱਕ ਬਿਆਨ ’ਚ ਕਿਹਾ ਗਿਆ ਸੀ ਕਿ ਲਾਹੌਰ ਤੋਂ ਲਗਪਗ 400 ਕਿਲੋਮੀਟਰ ਦੂਰ ਬਹਾਵਲਪੁਰ ’ਚ ਜਾਮੀਆ ਮਸਜਿਦ ਸੁਭਾਨ ਅੱਲ੍ਹਾ ’ਤੇ ਭਾਰਤੀ ਹਮਲੇ ’ਚ ਉਸ ਦੇ ਪਰਿਵਾਰ ਦੇ 10 ਮੈਂਬਰ ਤੇ ਚਾਰ ਸਹਿਯੋਗੀ ਮਾਰੇ ਗਏ। ਮ੍ਰਿਤਕਾਂ ’ਚ ਅਜ਼ਹਰ ਦੀ ਵੱਡੀ ਭੈਣ ਤੇ ਉਸ ਦਾ ਪਤੀ, ਇੱਕ ਭਤੀਜਾ ਤੇ ਉਸ ਦੀ ਪਤਨੀ, ਇੱਕ ਭਤੀਜੀ ਤੇ ਪਰਿਵਾਰ ਦੇ ਪੰਜ ਬੱਚੇ ਸ਼ਾਮਲ ਸਨ। ਦੱਸਣਯੋਗ ਹੈ ਕਿ 1999 ’ਚ ਆਈਸੀ-814 ਜਹਾਜ਼ ਦੇ ਅਗਵਾ ਯਾਤਰੀਆਂ ਬਦਲੇ ਅਜ਼ਹਰ ਦੀ ਰਿਹਾਈ ਮਗਰੋਂ ਬਹਾਵਲਪੁਰ ਜੈਸ਼-ਏ-ਮੁਹੰਮਦ ਦਾ ਗੜ੍ਹ ਬਣ ਗਿਆ ਸੀ।
ਭਾਰਤ ਨੇ ਕਦੇ ਵੀ ਕਿਸੇ ਤੀਜੇ ਮੁਲਕ ਦੀ ਸਾਲਸੀ ਬਾਰੇ ਹਾਮੀ ਨਹੀਂ ਭਰੀ: ਡਾਰ
ਦੋਹਾ: ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਮੁਹੰਮਦ ਇਸਹਾਕ ਡਾਰ ਨੇ ਖੁਲਾਸਾ ਕੀਤਾ ਕਿ ਭਾਰਤ ਨੇ ‘ਅਪਰੇਸ਼ਨ ਸਿੰਧੂਰ’ ਦੌਰਾਨ ਪਾਕਿਸਤਾਨ ਨਾਲ ਦੁਵੱਲੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਕਿਸੇ ਵੀ ਤੀਜੀ ਧਿਰ ਦੀ ਵਿਚੋਲਗੀ ਤੋਂ ਸਪੱਸ਼ਟ ਤੌਰ ’ਤੇ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਭਾਰਤ-ਪਾਕਿਸਤਾਨ ਜੰਗ ਰੁਕਵਾਉਣ ਦੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ। ਅਲ ਜਜ਼ੀਰਾ ਨੂੰ ਦਿੱਤੀ ਇੰਟਰਵਿਊ ਦੌਰਾਨ ਡਾਰ ਨੇ ਕਿਹਾ ਕਿ ਇਸਲਾਮਾਬਾਦ ਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਕੋਲ ਤੀਜੀ ਧਿਰ ਦੀ ਵਿਚੋਲਗੀ ਦਾ ਮੁੱਦਾ ਉਠਾਇਆ ਹੈ, ਜਿਸ ’ਤੇ ਉਨ੍ਹਾਂ ਜਵਾਬ ਦਿੱਤਾ ਕਿ ਭਾਰਤ ਕਿਸੇ ਹੋਰ ਦੇਸ਼ ਦੀ ਸ਼ਮੂਲੀਅਤਦਾ ਸਮਰਥਨ ਨਹੀਂ ਕਰਦਾ।
ਪਾਕਿਸਤਾਨੀ ਉਪ ਪ੍ਰਧਾਨ ਮੰਤਰੀ ਨੇ ਇੰਟਰਵਿਊ ਦੌਰਾਨ ਟਰੰਪ ਦੇ ਦੋ ਪਰਮਾਣੂ ਦੇਸ਼ਾਂ ਦਰਮਿਆਨ 10 ਮਈ ਨੂੰ ਜੰਗਬੰਦੀ ਵਿੱਚ ਵਿਚੋਲਗੀ ਕਰਨ ਦੇ ਦਾਅਵਿਆਂ ਸਬੰਧੀ ਰੂਬੀਓ ਨਾਲ ਖਾਸ ਗੱਲਬਾਤ ਦਾ ਵੀ ਜ਼ਿਕਰ ਕੀਤਾ। ਹਾਲਾਂਕਿ, 25 ਜੁਲਾਈ ਨੂੰ ਵਾਸ਼ਿੰਗਟਨ ਵਿੱਚ ਇੱਕ ਦੁਵੱਲੀ ਮੀਟਿੰਗ ਦੌਰਾਨ ਡਾਰ ਨੇ ਇਹ ਮਾਮਲਾ ਵਿਦੇਸ਼ ਮੰਤਰੀ ਰੂਬੀਓ ਕੋਲ ਮੁੜ ਚੁੱਕਿਆ ਜਿਨ੍ਹਾਂ ਨੇ ਦੁਹਰਾਇਆ ਕਿ ਭਾਰਤ ਨੇ ਆਪਣਾ ਪਹਿਲਾਂ ਵਾਲਾ ਰੁਖ਼ ਕਾਇਮ ਰੱਖਿਆ ਹੋਇਆ ਹੈ। ਡਾਰ ਨੇ ਕਿਹਾ, ‘‘ਇਤਫਾਕਨ, ਜਦੋਂ 10 ਮਈ ਨੂੰ ਜੰਗਬੰਦੀ ਦੀ ਪੇਸ਼ਕਸ਼ ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਰਾਹੀਂ ਮੇਰੇ ਕੋਲ ਆਈ... ਮੈਨੂੰ ਦੱਸਿਆ ਗਿਆ ਸੀ ਕਿ ਪਾਕਿਸਤਾਨ ਅਤੇ ਭਾਰਤ ਦਰਮਿਆਨ ਇੱਕ ਸੁਤੰਤਰ ਥਾਂ ’ਤੇ ਗੱਲਬਾਤ ਹੋਵੇਗੀ। ਜਦੋਂ ਅਸੀਂ 25 ਜੁਲਾਈ ਨੂੰ ਵਾਸ਼ਿੰਗਟਨ ਵਿੱਚ ਵਿਦੇਸ਼ ਮੰਤਰੀ ਰੂਬੀਓ ਨੂੰ ਮਿਲੇ ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਉਸ ਗੱਲਬਾਤ ਦਾ ਕੀ ਬਣਿਆ?, ਉਨ੍ਹਾਂ ਕਿਹਾ ਕਿ ਭਾਰਤ ਕਹਿੰਦਾ ਹੈ ਕਿ ਇਹ ਦੁਵੱਲਾ ਮਾਮਲਾ ਹੈ।’’ ਡਾਰ ਨੇ ਕਿਹਾ ਕਿ ਪਾਕਿਸਤਾਨ ਨੂੰ ਕਿਸੇ ਤੀਜੀ ਧਿਰ ਦੇ ਇਸ ਮਾਮਲੇ ਵਿਚ ਸ਼ਾਮਲ ਹੋਣ ’ਤੇ ਕੋਈ ਇਤਰਾਜ਼ ਨਹੀਂ ਸੀ। -ਏਐੱਨਆਈ