ਭਾਰਤੀ ਹਮਲੇ ’ਚ ਮਸੂਦ ਅਜ਼ਹਰ ਦਾ ਪਰਿਵਾਰ ‘ਟੁਕੜੇ-ਟੁਕੜੇ’ ਹੋੋਇਆ: ਜੈਸ਼ ਕਮਾਂਡਰ
ਜੈਸ਼-ਏ-ਮੁਹੰਮਦ ਦੇ ਇੱਕ ਕਮਾਂਡਰ ਨੇ ਕਬੂਲਿਆ ਕਿ ਸੱਤ ਮਈ ਨੂੰ ਪਾਕਿਸਤਾਨ ਦੇ ਬਹਾਵਲਪੁਰ ਸਥਿਤ ਸੰਗਠਨ ਦੇ ਮੁੱਖ ਦਫਤਰ ’ਤੇ ਭਾਰਤੀ ਮਿਜ਼ਾਈਲ ਹਮਲਿਆਂ ਵਿੱਚ ਅਤਿਵਾਦੀ ਸਮੂਹ ਦੇ ਮੁਖੀ ਮਸੂਦ ਅਜ਼ਹਰ ਦੇ ਪਰਿਵਾਰ ਨੂੰ ’ਟੁਕੜੇ-ਟੁਕੜੇ’ ਕਰ ਦਿੱਤਾ ਗਿਆ।
ਇੱਕ ਯੂਟਿਊਬ ਚੈਨਲ ’ਤੇ ਅਪਲੋਡ ਕੀਤੇ ਗਏ ਇੱਕ ਵੀਡੀਓ ਵਿੱਚ ਜੈਸ਼-ਏ-ਮੁਹੰਮਦ ਦੇ ਕਮਾਂਡਰ ਇਲਿਆਸ ਕਸ਼ਮੀਰੀ ਨੂੰ ਭਾਰਤੀ ਹਮਲੇ ਵਿਰੁੱਧ ਜ਼ਹਿਰ ਉਗਲਦੇ ਸੁਣਿਆ ਜਾ ਸਕਦਾ ਹੈ, ਜਿਸ ਵਿੱਚ ਅਜ਼ਹਰ ਦੇ ਪਰਿਵਾਰ ਦੇ ਮੈਂਬਰ ਮਾਰੇ ਗਏ ਸਨ।ਇਹ ਵੀਡੀਓ 6 ਸਤੰਬਰ ਨੂੰ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਹੋਏ ਮਿਸ਼ਨ ਮੁਸਤਫਾ ਕਾਨਫਰੰਸ ਦਾ ਦੱਸਿਆ ਜਾ ਰਿਹਾ ਹੈ।
ਕਈ ਬੰਦੂਕਧਾਰੀਆਂ ਦੇ ਵਿਚਕਾਰ ਖੜ੍ਹੇ ਜੈਸ਼ ਕਮਾਂਡਰ ਨੇ ਕਿਹਾ, “ਇਸ ਦੇਸ਼ ਦੀਆਂ ਵਿਚਾਰਧਾਰਕ ਅਤੇ ਭੂਗੋਲਿਕ ਸੀਮਾਵਾਂ ਦੀ ਰੱਖਿਆ ਲਈ, ਅਸੀਂ ਦਿੱਲੀ, ਕਾਬੁਲ ਅਤੇ ਕੰਧਾਰ ’ਤੇ ਹਮਲਾ (ਜੇਹਾਦ) ਕੀਤਾ ਅਤੇ ਸਭ ਕੁਝ ਕੁਰਬਾਨ ਕਰਨ ਤੋਂ ਬਾਅਦ 7 ਮਈ ਨੂੰ ਬਹਾਵਲਪੁਰ ਵਿੱਚ ਮੌਲਾਨਾ ਮਸੂਦ ਅਜ਼ਹਰ ਦੇ ਪਰਿਵਾਰਕ ਮੈਂਬਰਾਂ ਨੂੰ (ਭਾਰਤੀ ਹਮਲਿਆਂ ਵਿੱਚ) ਟੁਕੜੇ-ਟੁਕੜੇ ਕਰ ਦਿੱਤਾ ਗਿਆ।”
ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ 26 ਲੋਕਾਂ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ। ਪਹਿਲਗਾਮ ਕਤਲੇਆਮ ਦੇ ਜਵਾਬ ਵਿੱਚ ਭਾਰਤੀ ਹਥਿਆਰਬੰਦ ਬਲਾਂ ਨੇ 7 ਮਈ ਨੂੰ ‘ਆਪ੍ਰੇਸ਼ਨ ਸਿੰਦੂਰ’ ਦੇ ਤਹਿਤ ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦੇ ਗੜ੍ਹ ਸਮੇਤ ਵੱਖ-ਵੱਖ ਅਤਿਵਾਦੀ ਕੈਂਪਾਂ ’ਤੇ ਮਿਜ਼ਾਈਲ ਹਮਲੇ ਕੀਤੇ।