Maoists surrender; ਤਿਲੰਗਾਨਾ: 64 ਮਾਓਵਾਦੀਆਂ ਵੱਲੋਂ ਪੁਲੀਸ ਕੋਲ ਆਤਮ ਸਮਰਪਣ
ਹੈਦਰਾਬਾਦ, 15 ਮਾਰਚ
ਤਿਲੰਗਾਨਾ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਦੀ ਪੁਲੀਸ ਕੋਲ ਅੱਜ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਦੇ 64 ਮੈਂਬਰਾਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਛੱਤੀਸਗੜ੍ਹ ਤੇ ਤਿਲੰਗਾਨਾ ਦੇ ਸਰਹੱਦੀ ਪਿੰਡਾਂ ਦੇ ਇੱਕ ਏਰੀਆ ਕਮੇਟੀ ਮੈਂਬਰ (ACM) ਸਮੇਤ ਵੱਖ ਵੱਖ ਕਾਡਰਾਂ ਦੇ 64 ਮਾਓਵਾਦੀਆਂ (Maoists) ਨੇ ਨਕਸਲਵਾਦ ਦਾ ਰਾਹ ਛੱਡ ਕੇ ਆਪਣੇ ਪਰਿਵਾਰ ਸਮੇਤ ਸ਼ਾਂਤੀਪੂਰਨ ਜ਼ਿੰਦਗੀ ਜਿਊਣ ਦਾ ਫ਼ੈਸਲਾ ਕੀਤਾ ਹੈ। ਪੁਲੀਸ ਵੱਲੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਆਈਜੀਪੀ ਮਲਟੀ-ਜ਼ੋਨ 1 ਤੇ ਜ਼ਿਲ੍ਹਾ ਪੁਲੀਸ (IGP Multi-Zone I and District Police) ਸਾਹਮਣੇ ਆਤਮ ਸਮਰਪਣ ਕਰ ਦਿੱਤਾ।
ਬਿਆਨ ’ਚ ਕਿਹਾ ਗਿਆ ਹੈ ਕਿ ਆਤਮ ਸਮਰਪਣ ਕਰਨ ਵਾਲੇ ਮਾਓਵਾਦੀਆਂ ਲਈ ਲਾਗੂ ਕੀਤੀਆਂ ਜਾ ਰਹੀਆਂ ਭਲਾਈ ਯੋਜਨਾਵਾਂ ਅਤੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹਾ ਪੁਲੀਸ ਤੇ ਸੀਆਰਪੀਐੱਫ ਵੱਲੋਂ ਕਬਾਇਲੀ ਭਾਈਚਾਰੇ ਦੇ ਵਿਕਾਸ ਤੇ ਭਲਾਈ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣਨ ਤੋਂ ਬਾਅਦ ਕਈ ਮਾਓਵਾਦੀ ਹਥਿਆਰ ਛੱਡ ਕੇ ਆਤਮ ਸਮਰਪਣ ਕਰ ਰਹੇ ਹਨ। ਭਦਰਾਦਰੀ ਕੋਠਾਗੁਡੇਮ ਦੇ ਐੱਸਪੀ ਬੀ. ਰੋਹਿਤ ਰਾਜੂ ਨੇ ਕਿਹਾ ਕਿ ਪਿਛਲੇ ਤਕਰੀਬਨ ਢਾਈ ਮਹੀਨੇ ਅੰਦਰ ਇਨ੍ਹਾਂ 64 ਮੈਂਬਰਾਂ ਸਮੇਤ 122 ਮਾਓਵਾਦੀ (Maoists) ਆਤਮ ਸਮਰਪਣ ਕਰ ਚੁੱਕੇ ਹਨ। ਐੱਸਪੀ ਨੇ ਕਿਹਾ ਕਿ ਆਤਮ ਸਮਰਪਣ ਕਰਨ ਵਾਲੇ ਮਾਓਵਾਦੀਆਂ ਨੂੰ ਅਹਿਸਾਸ ਹੋ ਗਿਆ ਹੈ ਕਿ ਪਾਬੰਦੀਸ਼ੁਦਾ ਸੀਪੀਆਈ (ਮਾਓਵਾਦੀ) ਪਾਰਟੀ ਪੁਰਾਣੀ ਵਿਚਾਰਧਾਰਾ ਦਾ ਪਾਲਣ ਕਰਦੀ ਹੈ ਅਤੇ ਉਸ ਨੇ ਕਬਾਇਲੀ ਲੋਕਾਂ ਦਾ ਭਰੋਸਾ ਤੇ ਹਮਾਇਤ ਗੁਆ ਲਈ ਹੈ। -ਪੀਟੀਆਈ