Mann ki Baat: ਐਮਰਜੈਂਸੀ ਖਿਲਾਫ਼ ਲੜਨ ਵਾਲਿਆਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇ: ਮੋਦੀ
ਨਵੀਂ ਦਿੱਲੀ, 29 ਜੂਨ
Mann ki Baat: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਵਿੱਚ ਐਮਰਜੈਂਸੀ ਦਾ ਵਿਰੋਧ ਕਰਨ ਵਾਲੇ ਪ੍ਰਮੁੱਖ ਨੇਤਾਵਾਂ ਦੀਆਂ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਉਸ ਦੌਰਾਨ ਲੋਕਾਂ ’ਤੇ ਹੋਏ ਜ਼ੁਲਮਾਂ ਨੂੰ ਲੈ ਕੇ ਤਤਕਾਲੀ ਕਾਂਗਰਸ ਸਰਕਾਰ ’ਤੇ ਹਮਲਾ ਬੋਲਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ (ਟਿੱਪਣੀਆਂ) ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਲੋਕਾਂ ਨੂੰ ਸੰਵਿਧਾਨ ਨੂੰ ਮਜ਼ਬੂਤ ਰੱਖਣ ਲਈ ਸੁਚੇਤ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਐਮਰਜੈਂਸੀ ਲਗਾਈ ਸੀ, ਉਨ੍ਹਾਂ ਨੇ ‘ਨਾ ਸਿਰਫ਼ ਸਾਡੇ ਸੰਵਿਧਾਨ ਨੂੰ ਮਾਰਿਆ, ਸਗੋਂ ਉਨ੍ਹਾਂ ਦਾ ਇਰਾਦਾ ਨਿਆਂਪਾਲਿਕਾ ਨੂੰ ਆਪਣਾ ਗੁਲਾਮ ਬਣਾਈ ਰੱਖਣਾ ਸੀ।’’ ਸ੍ਰੀ ਮੋਦੀ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਪਾਰਟੀ ਦਾ ਨਾਮ ਲਏ ਬਗੈਰ ਐਮਰਜੈਂਸੀ ਦੌਰਾਨ ਹੋਈਆਂ ਵਧੀਕੀਆਂ ਲਈ ਕਾਂਗਰਸ ਦੀ ਆਲੋਚਨਾ ਕੀਤੀ। ਕਾਬਿਲੇਗੌਰ ਹੈ ਕਿ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਵਿਰੋਧੀ ਧਿਰ ਕਾਂਗਰਸ ਐਮਰਜੈਂਸੀ ਨੂੰ ਲੈ ਕੇ ਸ਼ਬਦੀ ਜੰਗ ਵਿੱਚ ਰੁੱਝੀ ਹੋਈ ਹੈ। ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਅਧੀਨ ਇੱਕ ਅਣਐਲਾਨੀ ਐਮਰਜੈਂਸੀ ਜਾਰੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ 1975 ਤੋਂ 1977 ਤੱਕ 21 ਮਹੀਨਿਆਂ ਤੱਕ ਚੱਲੀ ਐਮਰਜੈਂਸੀ ਦੌਰਾਨ ਲੋਕਾਂ ’ਤੇ ਵੱਡੇ ਜ਼ੁਲਮ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਜਿਨ੍ਹਾਂ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀਆਂ ਮੋਰਾਰਜੀ ਦੇਸਾਈ ਅਤੇ ਅਟਲ ਬਿਹਾਰੀ ਵਾਜਪਾਈ ਅਤੇ ਉਸ ਸਮੇਂ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਜਗਜੀਵਨ ਰਾਮ ਦੇ ਭਾਸ਼ਣਾਂ ਦੇ ਅੰਸ਼ ਪੜ੍ਹੇ।
ਉਨ੍ਹਾਂ ਕਿਹਾ ਕਿ ਜਾਰਜ ਫਰਨਾਂਡੇਜ਼ ਸਾਹਿਬ ਨੂੰ ਜ਼ੰਜੀਰਾਂ ਵਿੱਚ ਬੰਨ੍ਹ ਦਿੱਤਾ ਗਿਆ ਸੀ ਅਤੇ ਯਾਦ ਦਿਵਾਇਆ ਕਿ ਉਸ ਸਮੇਂ ਅੰਦਰੂਨੀ ਸੁਰੱਖਿਆ ਰੱਖ-ਰਖਾਅ ਐਕਟ (MISA) ਦੇ ਤਹਿਤ ਕਿਸੇ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਤੰਗ-ਪ੍ਰੇਸ਼ਾਨ ਕੀਤਾ ਗਿਆ ਸੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਇਆ ਗਿਆ। ਉਨ੍ਹਾਂ ਕਿਹਾ ਕਿ ਐਮਰਜੈਂਸੀ ਦੌਰਾਨ ਹਜ਼ਾਰਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਨ੍ਹਾਂ ’ਤੇ ਅਣਮਨੁੱਖੀ ਅੱਤਿਆਚਾਰ ਕੀਤੇ ਗਏ ਸਨ, ਪਰ ਇਹ ਭਾਰਤ ਦੇ ਲੋਕਾਂ ਦੀ ਤਾਕਤ ਹੈ ਕਿ ਉਹ ਝੁਕੇ ਨਹੀਂ, ਟੁੱਟੇ ਨਹੀਂ ਅਤੇ ਲੋਕਤੰਤਰ ਨਾਲ ਕੋਈ ਸਮਝੌਤਾ ਸਵੀਕਾਰ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ‘‘ਆਖਰਕਾਰ, ਲੋਕਾਂ ਦੀ ਜਿੱਤ ਹੋਈ - ਐਮਰਜੈਂਸੀ ਹਟਾ ਦਿੱਤੀ ਗਈ ਅਤੇ ਐਮਰਜੈਂਸੀ ਲਗਾਉਣ ਵਾਲਿਆਂ ਦੀ ਹਾਰ ਹੋਈ।’’ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਐਮਰਜੈਂਸੀ ਦੀ 50ਵੀਂ ਵਰ੍ਹੇਗੰਢ ਹਾਲ ਹੀ ਵਿੱਚ ‘ਸੰਵਿਧਾਨ ਹਤਿਆ ਦਿਵਸ’ ਵਜੋਂ ਮਨਾਈ ਗਈ ਹੈ ਅਤੇ ਇਸ ਵਿਰੁੱਧ ਲੜਨ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਣਾ ਚਾਹੀਦਾ ਹੈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 25 ਜੂਨ 1975 ਨੂੰ ਐਮਰਜੈਂਸੀ ਲਗਾਈ ਸੀ। -ਪੀਟੀਆਈ