ਮਨੀਪੁਰ: ਸ਼ਾਂਤੀ ਬਹਾਲੀ ਲਈ ਥਾਡੋਊ ਤੇ ਮੈਤੇਈ ਸੰਗਠਨਾਂ ਵੱਲੋਂ ਚਰਚਾ
ਮਨੀਪੁਰ ਵਿੱਚ ਸ਼ਾਂਤੀ ਬਹਾਲੀ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਥਾਡੋਊ ਜਨਜਾਤੀ ਦੀ ਨੁਮਾਇੰਦਗੀ ਕਰਨ ਵਾਲੀ ਸਿਵਲ ਸੁਸਾਇਟੀ ਨੇ ਅੱਜ ਇੱਥੇ ਮੈਤੇਈ ਸੰਸਥਾ ਨਾਲ ਬੰਦ ਕਮਰਾ ਮੀਟਿੰਗ ਕੀਤੀ।
ਅਧਿਕਾਰੀਆਂ ਨੇ ਦੱਸਿਆ ਕਿ ਥਾਡੋਊ ਇੰਪੀ ਮਨੀਪੁਰ (ਟੀਆਈਐੱਮ) ਦੇ 13 ਤੋਂ ਵੱਧ ਨੁਮਾਇੰਦਿਆਂ ਨੇ ‘ਕੋਆਰਡੀਨੇਸ਼ਨ ਕਮੇਟੀ ਆਨ ਮਨੀਪੁਰ ਇੰਟੀਗ੍ਰਿਟੀ (ਸੀਓਸੀਓਐਮਆਈ), ਐਰੰਬਾਈ ਟੈਂਗੋਲ, ਆਲ ਮਨੀਪੁਰ ਯੂਨਾਈਟਿਡ ਕਲੱਬ ਆਰਗੇਨਾਈਜ਼ੇਸ਼ਨ (ਏਐੱਮਯੂਸੀਓ) ਅਤੇ ਹੋਰ ਸੰਗਠਨਾਂ ਦੇ ਮੈਂਬਰਾਂ ਨਾਲ ਇੱਥੇ ਇੱਕ ਹੋਟਲ ਵਿੱਚ ਆਪਸੀ ਭਾਈਚਾਰਕ ਸਮਝ ਪ੍ਰੋਗਰਾਮ ’ਤੇ ਚਰਚਾ ਲਈ ਮੀਟਿੰਗ ਕੀਤੀ। ਟੀਆਈਐੱਮ ਨੇ ਮੀਟਿੰਗ ਨੂੰ ‘ਸ਼ਾਂਤੀ ਦਾ ਰੋਡਮੈਪ: ਭਾਈਚਾਰਕ ਸਮਝ ’ਤੇ ਸਹਿਹੋਂਦ ਸੰਧੀ’ ਕਰਾਰ ਦਿੱਤਾ। ਖੋਜਕਾਰਾਂ ਦਾ ਦਾਅਵਾ ਹੈ ਕਿ ਥਾਡੋਊ ਕੁਕੀ ਭਾਈਚਾਰੇ ਦਾ ਸਭ ਤੋਂ ਵੱਡਾ ਉਪ-ਕਬੀਲਾ ਹੈ ਪਰ ਟੀਆਈਐੱਮ ਦਾ ਕਹਿਣਾ ਹੈ ਕਿ ਇਹ ਇੱਕ ਵੱਖਰਾ ਕਬੀਲਾ ਹੈ ਅਤੇ ਕੁਕੀ ਸਮੂਹ ਦਾ ਹਿੱਸਾ ਨਹੀਂ ਹੈ। ਸੂਬੇ ਵਿੱਚ ਮਈ 2023 ਵਿੱਚ ਹਿੰਸਾ ਭੜਕਣ ਮਗਰੋਂ ਇੱਥੇ ਟੀਆਈਐੱਮ ਅਤੇ ਮੈਤੇਈ ਜਥੇਬੰਦੀਆਂ ਦਰਮਿਆਨ ਇਹ ਪਹਿਲੀ ਮੀਟਿੰਗ ਹੈ। ਥਾਡੋਊ ਇੰਪੀ ਨੇ ਮਨੀਪੁਰ ਤੇ ਦਿੱਲੀ ਵਿੱਚ ਮੈਤੇਈ ਸੰਗਠਨਾਂ ਨਾਲ ਮੀਟਿੰਗਾਂ ਕੀਤੀਆਂ ਹਨ। ਟੀਆਈਐੱਮ ਨੇ ਬਿਆਨ ਵਿੱਚ ਕਿਹਾ, ‘‘ਥਾਡੋਊ ਕਬੀਲੇ ਅਤੇ ਇਸਨੂੰ ਕੁਕੀ ਕਬੀਲੇ ਵਜੋਂ ਪਛਾਣਨ ਵਾਲਿਆਂ ਦਰਮਿਆਨ ਭਰਮ ਦਾ ਇੱਕ ਵੱਡਾ ਕਾਰਨ ਪਹਿਰਾਵਾ ਅਤੇ ਸੱਭਿਆਚਾਰਕ ਸਮਾਨਤਾਵਾਂ ਹਨ।’’ ਹਾਲਾਂਕਿ, ਇਹ ਸਮਝਣਾ ਅਹਿਮ ਹੈ ਕਿ ਥਾਡੋਊ ਕਬੀਲੇ ਦੀ ਵੱਖਰੀ ਪਛਾਣ ਹੈ। ਇਸ ਵਿੱਚ ਕਿਹਾ ਗਿਆ, ‘‘ਇਹ ਸਾਡੇ ਸਾਂਝੇ ਇਤਿਹਾਸ ਵਿੱਚ ਫੈਸਲਾਕੁਨ ਪਲ ਹੈ। ਆਓ ਅਸੀਂ ਸੱਚਾਈ ਲਈ ਇਕਜੁੱਟ ਰਹੀਏ। ਮਨੀਪੁਰ ਵਿੱਚ ਸਥਾਈ ਸ਼ਾਂਤੀ ਦਾ ਰਸਤਾ ਪਛਾਣ ਦੀ ਸਪੱਸ਼ਟਤਾ, ਕੱਟੜਤਾ ਖ਼ਤਮ ਕਰਨ ਅਤੇ ਸਹਿ-ਹੋਂਦ ਪ੍ਰਤੀ ਵਚਨਬੱਧਤਾ ਨਾਲ ਸ਼ੁਰੂ ਹੁੰਦਾ ਹੈ।’’
ਕੁਕੀ-ਜ਼ੋ ਕੌਂਸਲ ਦਾ ਵਫ਼ਦ ਗ੍ਰਹਿ ਮੰਤਰਾਲੇ ਦੇ ਨੁਮਾਇੰਦਿਆਂ ਨੂੰ ਮਿਲਿਆ
ਨਵੀਂ ਦਿੱਲੀ: ਕੁਕੀ-ਜ਼ੋ ਕੌਂਸਲ ਦੇ ਵਫ਼ਦ ਨੇ ਅੱਜ ਗ੍ਰਹਿ ਮੰਤਰਾਲੇ ਦੇ ਨੁਮਾਇੰਦਿਆਂ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਅਤੇ ਕੁਕੀ ਲੋਕਾਂ ਦੀਆਂ ਇੱਛਾਵਾਂ ਸਮੇਤ ਭਾਈਚਾਰੇ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਕੀਤੀ। ਕੌਂਸਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋ ਘੰਟੇ ਚੱਲੀ ਮੀਟਿੰਗ ਸਕਾਰਾਤਮਕ ਅਤੇ ਉਸਾਰੂ ਰਹੀ। ਵਫ਼ਦ ਦੀ ਅਗਵਾਈ ਕੌਂਸਲ ਦੇ ਚੇਅਰਮੈਨ ਪੂ ਹੇਨਲਿਆਨਥਾਂਗ ਥੰਗਲੇਟ ਨੇ ਕੀਤੀ। ਵਫ਼ਦ ਵਿੱਚ ਅੱਠ ਮੈਂਬਰ ਸ਼ਾਮਲ ਸਨ। ਮੀਟਿੰਗ ਵਿੱਚ ਕੌਂਸਲ ਦੇ ਨੁਮਾਇੰਦਿਆਂ ਨੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜਨਤਾ ਨਾਲ ਸਲਾਹ-ਮਸ਼ਵਰੇ ਦੀ ਲੋੜ ’ਤੇ ਜ਼ੋਰ ਦਿੱਤਾ।