ਮਨੀਪੁਰ: ਅਸਾਮ ਰਾਈਫਲਜ਼ ਦੇ ਜਵਾਨਾਂ ’ਤੇ ਹਮਲੇ ਖ਼ਿਲਾਫ਼ ਮੁਜ਼ਾਹਰਾ
ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਮਬੋਲ ਇਲਾਕੇ ’ਚ ਸਥਾਨਕ ਲੋਕਾਂ ਨੇ ਲੰਘੇ ਦਿਨ ਹੋਏ ਹਮਲੇ ’ਚ ਅਸਾਮ ਰਾਈਫਲਜ਼ ਦੇ ਦੋ ਜਵਾਨਾਂ ਦੀ ਜਾਨ ਜਾਣ ਦੇ ਰੋਸ ਵਜੋਂ ਅੱਜ ਸਵੇਰੇ ਪ੍ਰਦਰਸ਼ਨ ਕੀਤਾ।
ਪੁਲੀਸ ਨੇ ਦੱਸਿਆ ਕਿ ਹਮਲਾਵਰਾਂ ਤੇ ਉਨ੍ਹਾਂ ਦੇ ਵਾਹਨਾਂ ਦੀ ਭਾਲ ਲਈ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਨਮਬੋਲ ਸਬਲ ਲੇਈਕਾਈ ਇਲਾਕੇ ’ਚ ਹਥਿਆਰਬੰਦ ਲੋਕਾਂ ਦੇ ਗਰੁੱਪ ਵੱਲੋਂ ਨੀਮ ਫੌਜੀ ਬਲ ਦੇ ਵਾਹਨ ’ਤੇ ਘਾਤ ਲਾ ਕੇ ਕੀਤੇ ਹਮਲੇ ’ਚ 33 ਅਸਾਮ ਰਾਈਫਲਜ਼ ਦੇ ਦੋ ਜਵਾਨ ਸ਼ਹੀਦ ਅਤੇ ਪੰਜ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਹੈ।
ਮੁਜ਼ਾਹਰੇ ਦੌਰਾਨ ਸਥਾਨਕ ਲੋਕਾਂ ਨੇ ਸੋਗ ਮੌਕੇ ਪਾਈਆਂ ਜਾਂਦੀਆਂ ਰਵਾਇਤੀ ਪੁਸ਼ਾਕਾਂ ਪਹਿਨ ਕੇ ਨਾਅਰੇਬਾਜ਼ੀ ਕੀਤੀ ਤੇ ਹੱਥਾਂ ’ਚ ਤਖ਼ਤੀਆਂ ਫੜ ਕੇ ਹਮਲੇ ਦੀ ਨਿਖੇਧੀ ਕੀਤੀ। ਉਹ ਘਟਨਾ ਸਥਾਨ ਤੋਂ ਮਹਿਜ਼ ਇੱਕ ਕਿਲੋਮੀਟਰ ਦੂਰ ਧਰਨੇ ’ਤੇ ਬੈਠੇ ਸਨ। ਬਾਅਦ ’ਚ ਔਰਤਾਂ ਨੇ ਹਮਲੇ ਦੀ ਨਿੰਦਾ ਕਰਦਿਆਂ ਰੋਸ ਰੈਲੀ ਕੱਢੀ ਅਤੇ ਜਨਤਕ ਥਾਵਾਂ ’ਤੇ ਗੋਲੀਬਾਰੀ ਦੀ ਨਿਖੇਧੀ ਕੀਤੀ। ਹਮਲੇ ਦੌਰਾਨ ਜ਼ਖਮੀ ਹੋਏ ਜਵਾਨ ਐੱਨ ਨੌਂਗਥੌਨ ਨੇ ਕਿਹਾ, ‘‘ਹਮਲਾਵਰਾਂ ਦੀ ਗਿਣਤੀ ਚਾਰ ਜਾਂ ਪੰਜ ਸੀ, ਜਿਨ੍ਹਾਂ ਨੇ ਅਚਾਨਕ ਸਾਡੇ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।’’ ਚੁਰਾਚਾਂਦਪੁਰ ਆਧਾਰਿਤ ਵੱਕਾਰੀ ਸੰਗਠਨ ਕੁੱਕੀ ਜ਼ੋ ਕੌਂਸਲ ਨੇ ਵੀ ਨੀਮ ਫੌਜੀ ਬਲਾਂ ’ਤੇ ਹਮਲੇ ਦੀ ਨਿਖੇਧੀ ਕੀਤੀ ਹੈ।
ਮਨੀਪੁਰ ਸਰਕਾਰ ਵੱਲੋਂ ਸ਼ਹੀਦ ਜਵਾਨਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ
ਮਨੀਪੁਰ ਸਰਕਾਰ ਨੇ ਨਮਬੋਲ ਸਬਲ ਲੇਈਕਾਈ ਇਲਾਕੇ ’ਚ ਸ਼ਹੀਦ ਹੋਏ ਅਸਾਮ ਰਾਈਫਲਜ਼ ਦੇ ਦੋ ਜਵਾਨਾਂ ਦੇ ਵਾਰਸਾਂ ਨੂੰ ਪੰਜ-ਪੰਜ ਲੱਖ ਅਤੇ ਜ਼ਖਮੀ ਜਵਾਨਾਂ ਨੂੰ ਦੋ-ਦੋ ਲੱਖ ਦੀ ਐਕਸ-ਗ੍ਰੇਸ਼ੀਆ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਅਧਿਕਾਰਤ ਬਿਆਨ ’ਚ ਗ੍ਰਹਿ ਕਮਿਸ਼ਨਰ ਐੱਨ ਅਸ਼ੋਕ ਕੁਮਾਰ ਨੇ ਕਿਹਾ, ‘‘ਮਨੀਪੁਰ ਸਕਾਰ 33 ਅਸਾਮ ਰਾਈਫਲਜ਼ ਦੇ ਜਵਾਨਾਂ ’ਤੇ ਹਮਲੇ ਦੀ ਨਿਖੇਧੀ ਕਰਦੀ ਹੈ।’’ ਰਾਜਪਾਲ ਅਜੈ ਕੁਮਾਰ ਭੱਲਾ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ ਤੇ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ। ਛੱਤੀਤਗੜ੍ਹ ਦੇ ਮੁੱਖ ਮੰਤਰੀ ਵਿਸ਼ਨੂ ਦੇਓ ਸਾਏ ਨੇ ਹਮਲੇ ਦੀ ਨਿਖੇਧੀ ਕੀਤੀ ਤੇ ਹਮਲੇ ਸ਼ਹੀਦ ਹੋਏ ਛੱੱਤੀਸਗੜ੍ਹ ਨਾਲ ਸਬੰਧਤ ਜਵਾਨ ਦੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।
ਰਾਜਪਾਲ ਵੱਲੋਂ ਉੱਚ ਪੱਧਰੀ ਮੀਟਿੰਗ; ਸੁਰੱਖਿਆ ਮਜ਼ਬੂਤ ਕਰਨ ’ਤੇ ਚਰਚਾ
ਅਸਾਮ ਰਾਈਫਲਜ਼ ਦੇ ਕਾਫਲੇ ’ਤੇ ਹੋਏ ਹਮਲੇ ਮਗਰੋਂ ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ ਅੱਜ ਸਰਕਾਰੀ ਅਧਿਕਾਰੀਆਂ ਤੇ ਸੀਨੀਅਰ ਪੁਲੀਸ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਦਿਆਂ ਮਨੀਪੁਰ ਦੇ ਸਰਹੱਦੀ ਅਤੇ ਸੰਵੇਦਨਸ਼ੀਲ ਇਲਾਕਿਆਂ ’ਚ ਸੁਰੱਖਿਆ ਬੰਦੋਬਸਤ ਮਜ਼ਬੂਤ ਕਰਨ ’ਤੇ ਚਰਚਾ ਕੀਤੀ। ਰਾਜ ਭਵਨ ਵੱਲੋਂ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਚਰਚਾ ਦੌਰਾਨ ਹਮਲਾਵਰਾਂ ਦੀ ਪਛਾਣ ਯਕੀਨੀ ਬਣਾਉਣ ਲਈ ਏਜੰਸੀਆਂ ਵਿਚਾਲੇ ਤਾਲਮੇਲ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਗਿਆ।