ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ ਭਾਰਤ-ਮਿਆਂਮਾਰ ਸਰਹੱਦ ’ਤੇ ਕੰਡਿਆਲੀ ਤਾਰ ਲਗਾਉਣ ਅਤੇ ਮੁਕਤ ਅੰਦੋਲਨ ਸ਼ਾਸਨ (ਐੱਫਐੱਮਆਰ) ਰੱਦ ਕਰਨ ਨੂੰ ਲੈ ਕੇ ਅੱਜ ਯੂਨਾਈਟਿਡ ਨਾਗਾ ਕਾਊਂਸਲ (ਯੂਐੱਨਸੀ) ਨਾਲ ਮੀਟਿੰਗ ਕੀਤੀ। ਰਾਜ ਭਵਨ ਨੇ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਯੂਐੱਨਸੀ ਐੱਫਐੱਮਆਰ ਦਾ ਵਿਰੋਧ ਕਰ ਰਿਹਾ ਹੈ। ਰਾਜ ਭਵਨ ਨੇ ਬਿਆਨ ਵਿੱਚ ਕਿਹਾ ਕਿ ਯੂਐੱਨਸੀ ਦੇ ਵਫ਼ਦ ਨੇ ਐੱਫਐੱਮਆਰ ਅਤੇ ਸਰਹੱਦ ’ਤੇ ਕੰਡਿਆਲੀ ਤਾਰ ਲਗਾਉਣ ਨਾਲ ਸਬੰਧਤ ਮਾਮਲਿਆਂ ’ਤੇ ਆਪਣੇ ਵਿਚਾਰ ਅਤੇ ਚਿੰਤਾਵਾਂ ਸਾਂਝੀਆਂ ਕੀਤੀਆਂ ਅਤੇ ਰਾਜਪਾਲ ਨੂੰ ਕੇਂਦਰ ਕੋਲ ਇਸ ਮਾਮਲੇ ਨੂੰ ਉਠਾਉਣ ਦੀ ਅਪੀਲ ਵੀ ਕੀਤੀ। ਰਾਜ ਭਵਨ ਨੇ ਬਿਆਨ ਵਿੱਚ ਕਿਹਾ, ‘‘ਰਾਜਪਾਲ ਨੇ ਵਫ਼ਦ ਨੂੰ ਧਿਆਨ ਨਾਲ ਸੁਣਿਆ ਅਤੇ ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪਹਿਲਾਂ ਹੀ ਗ੍ਰਹਿ ਮੰਤਰਾਲੇ ਕੋਲ ਉਠਾਇਆ ਜਾ ਚੁੱਕਾ ਹੈ। ਰਾਜਪਾਲ ਨੇ ਕਾਊਂਸਲ ਦੇ ਮੈਂਬਰਾਂ ਨੂੰ ਸ਼ਾਂਤੀ ਅਤੇ ਸੰਜਮ ਬਣਾ ਕੇ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਰਚਨਾਤਮਕ ਸੰਵਾਦ ਜਾਰੀ ਰੱਖਣਾ ਚਾਹੀਦਾ ਹੈ।’’ਯੂਐੱਨਸੀ ਦੇ ਪ੍ਰਧਾਨ ਐੱਨਜੀ ਲੋਰਹੋ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਨਾਗਾ ਜਥੇਬੰਦੀਆਂ ਦੀ ਸਿਖ਼ਰਲੀ ਸੰਸਥਾ ਨੂੰ ਰਾਜਪਾਲ ਵੱਲੋਂ ਮੀਟਿੰਗ ਲਈ ਸੱਦਿਆ ਗਿਆ ਸੀ। ਲੋਰਹੋ ਨੇ ਕਿਹਾ, ‘‘ਰਾਜਪਾਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਜਿਵੇਂ ਕਿ ਸਰਹੱਦ ਦਾ ਮੁੱਦਾ ਕੇਂਦਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ, ਗੱਲਬਾਤ ਵਿੱਚ ਕੇਂਦਰੀ ਨੁਮਾਇੰਦਿਆਂ ਦੀ ਹਿੱਸੇਦਾਰੀ ਜ਼ਰੂਰੀ ਹੈ।’’ ਉਨ੍ਹਾਂ ਕਿਹਾ, ‘‘ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਉਹ ਭਾਰਤ ਸਰਕਾਰ ਅਤੇ ਯੂਐੱਨਸੀ ਦਰਮਿਆਨ ਬਹੁਤ ਜਲਦੀ ਸੰਵਾਦ ਦੀ ਸੁਵਿਧਾ ਪ੍ਰਦਾਨ ਕਰਨਗੇ। ਇਸ ਵਿਚਾਲੇ, ਸਰਹੱਦ ’ਤੇ ਕੰਡਿਆਲੀ ਤਾਰ ਲਗਾਉਣ ਖ਼ਿਲਾਫ਼ ਸਾਡਾ ਰੁਖ਼ ਅਤੇ ਐੱਫਐੱਮਆਰ ਨੂੰ ਲੈ ਕੇ ਸੋਚ ਇੱਕੋ ਵਰਗੀ ਹੈ।’’ ਨਾਗਾ ਸਮੂਹ ਸਰਹੱਦ ’ਤੇ ਕੰਡਿਆਲੀ ਤਾਰ ਲਗਾਉਣ ਦੇ ਕੰਮਾਂ ਅਤੇ ਮੁਕਤ ਅੰਦੋਲਨ ਸ਼ਾਸਨ ਨੂੰ ਰੱਦ ਕਰਨ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭਾਈਚਾਰੇ ਨੂੰ ਪ੍ਰਭਾਵਿਤ ਕਰੇਗਾ। ਐੱਫਐੱਮਆਰ ਨੂੰ 2018 ਵਿੱਚ ਭਾਰਤ ਦੀ ‘ਐਕਟ ਈਸਟ ਨੀਤੀ’ ਦੇ ਹਿੱਸੇ ਵਜੋਂ ਲਾਗੂ ਕੀਤਾ ਗਿਆ ਸੀ।
ਤਿੰਨ ਔਰਤਾਂ ਸਣੇ ਪੰਜ ਅਤਿਵਾਦੀ ਗ੍ਰਿਫ਼ਤਾਰਮਨੀਪੁਰ ਦੇ ਦੋ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਨੇ ਤਿੰਨ ਔਰਤਾਂ ਸਣੇ ਪੰਜ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਵੀਰਵਾਰ ਨੂੰ ਥੋਉਬਲ ਅਤੇ ਇੰਫਾਲ ਪੂਰਬੀ ਜ਼ਿਲ੍ਹਿਆਂ ਵਿੱਚ ਕੀਤੀਆਂ ਗਈਆਂ ਹਨ। ਪੁਲੀਸ ਨੇ ਇਕ ਬਿਆਨ ਵਿੱਚ ਕਿਹਾ ਕਿ ਸੁਰੱਖਿਆ ਬਲਾਂ ਨੇ ਥੋਉਬਲ ਜ਼ਿਲ੍ਹੇ ਦੇ ਲਾਂਗਥਾਬਲ ਖੁਨੌ ਤੋਂ ਪਾਬੰਦੀਸ਼ੁਦਾ ਕਾਂਗਲੀਪਾਕ ਕਮਿਊਨਿਸਟ ਪਾਰਟੀ (ਤਾਈਬਾਂਗਨਬਾ) ਜਥੇਬੰਦੀ ਦੀਆਂ ਤਿੰਨ ਔਰਤਾਂ ਸਣੇ ਚਾਰ ਸਰਗਰਮ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕਾਰਕੁਨਾਂ ਦੀ ਪਛਾਣ ਕੋਨਜੈਂਗਬਾਮ ਬਬੀਤਾ (45), ਲਿਸ਼ਮ ਪ੍ਰੇਮਿਕਾ ਦੇਵੀ (33), ਨੰਦੀਬਾਮ ਨੋਨੀ ਦੇਵੀ (53) ਅਤੇ ਹੇਖਮ ਰਵੀ ਮੈਇਤੀ (38) ਵਜੋਂ ਹੋਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪੀਆਰਈਪੀਏਕੇ (ਪੀਆਰਓ) ਜਥੇਬੰਦੀ ਦੇ ਇਕ ਸਰਗਰਮ ਮੈਂਬਰ ਚਾਬੁੰਗਬਾਮ ਕੈਨੇਡੀ ਸਿੰਘ (21) ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਸੋਈਬਾਮ ਲੇਕਾਈ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸੇ ਦੌਰਾਨ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਦੇ ਨਗਾਰੀਆਨ ਚਿੰਗਯਾਂਗ ਵਿੱਚ ਤਲਾਸ਼ੀ ਦੌਰਾਨ ਹਥਿਆਰ ਅਤੇ ਗੋਲਾ-ਬਾਰੂਦ ਵੀ ਜ਼ਬਤ ਕੀਤਾ।