ਮਨੀਪੁਰ: ਚੂਰਾਚਾਂਦਪੁਰ ’ਚ ਕਬੀਲਿਆਂ ਵਿਚਾਲੇ ਝੜਪਾਂ; ਇੱਕ ਹਲਾਕ
ਮਨੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ ’ਚ ਜ਼ੋਮੀ ਤੇ ਹਮਾਰ ਕਬੀਲਿਆਂ ਦੇ ਲੋਕਾਂ ਵਿਚਾਲੇ ਤਾਜ਼ਾ ਝੜਪਾਂ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਕਈ ਜਣੇ ਜ਼ਖ਼ਮੀ ਹੋਏ ਹਨ। ਦੋਵਾਂ ਭਾਈਚਾਰਿਆਂ ਦੇ ਉੱਚ ਸੰਗਠਨਾਂ ਵਿਚਾਲੇ ਸ਼ਾਂਤੀ ਸਮਝੌਤਾ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਮੰਗਲਵਾਰ ਦੇਰ ਰਾਤ ਚੂਰਾਚਾਂਦਪੁਰ ਸ਼ਹਿਰ ’ਚ ਮੁੜ ਝੜਪ ਹੋਈ। ਇਹ ਝੜਪ ਕਸਬੇ ਦੇ ਲੋਕਾਂ ਦੇ ਇੱਕ ਗੁੱਟ ਵੱਲੋਂ ਜ਼ੋਮੀ ਅਤਿਵਾਦੀ ਸੰਗਠਨ ਦਾ ਝੰਡਾ ਲਾਹੁਣ ਦੀ ਕੋਸ਼ਿਸ਼ ਦੌਰਾਨ ਹੋਈ। ਮੰਗਲਵਾਰ ਸ਼ਾਮ ਲਗਪਗ 7 ਵਜੇ ਹਿੰਸਾ ਦੌਰਾਨ ਹਮਾਰ ਭਾਈਚਾਰੇ ਨਾਲ ਸਬੰਧਤ ਲਾਲਰੋਪੂਈ ਪਖੂਮਾਤੇ (53) ਨੂੰ ਗੋਲੀ ਲੱਗਣ ਮਗਰੋਂ ਇਲਾਕੇ ’ਚ ਤਣਾਅ ਫਿਰ ਵਧ ਗਿਆ। ਪੁਲੀਸ ਨੇ ਦੱਸਿਆ ਕਿ ਅਤਿਵਾਦੀਆਂ ਨੇ ਹਨੇਰੇ ਦਾ ਫਾਇਦਾ ਉਠਾਉਂਦਿਆਂ ਫਾਇਰਿੰਗ ਕੀਤੀ।
ਅਧਿਕਾਰੀ ਨੇ ਦੱਸਿਆ ਕਿ ਡੰਡੇ-ਸੋਟਿਆਂ ਨਾਲ ਲੈਸ ਭੀੜ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਸੁਰੱਖਿਆ ਕਰਮੀਆਂ ਨੂੰ ਭੀੜ ਨੂੰ ਖਦੇੜਨ ਲਈ ਅੱਥਰੂ ਗੈਸ ਦੇ ਗੋਲੇ ਸੁੱਟਣ ਤੋਂ ਇਲਾਵਾ ਹਵਾਈ ਫਾਇਰਿੰਗ ਕਰਨੀ ਪਈ। ਉਸ ਨੇ ਦੱਸਿਆ ਕਿ ਭੀੜ ’ਚ ਨੇ ਇਲਾਕੇ ’ਚ ਭੰਨ-ਤੋੜ ਕੀਤੀ ਅਤੇ ਕੁਝ ਲੋਕਾਂ ਨੇ ਆਪਣੇ ਵਿਰੋਧੀਆਂ ’ਤੇ ਗੋਲੀਆਂ ਵੀ ਚਲਾਈਆਂ। ਉਨ੍ਹਾਂ ਮੁਤਾਬਕ ਹਾਲੇ ਇਹ ਪਤਾ ਨਹੀਂ ਲੱਗਿਆ ਕਿ ਗੋਲੀਆਂ ਕਿਸ ਵੱਲੋਂ ਚਲਾਈਆਂ ਗਈਆਂ।
ਸੁਰੱਖਿਆ ਬਲਾਂ ਨੇ ਕਸਬੇ ’ਚ ਫਲੈਗ ਮਾਰਚ ਕਰਕੇ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ ਕੀਤੀ ਕਿਉਂਕਿ ਜ਼ੋਮੀ ਤੇ ਹਮਾਰ ਭਾਈਚਾਰਿਆਂ ਵਿਚਾਲੇ ਝੜਪਾਂ ਕਾਰਨ ਪੂਰੇ ਜ਼ਿਲ੍ਹੇ ’ਚ ਕਰਫਿਊ ਲੱਗਾ ਹੋਇਆ ਹੈ। ਇਸ ਘਟਨਾਕ੍ਰਮ ਦੇ ਜਵਾਬ ’ਚ ਜ਼ੋਮੀ ਵਿਦਿਆਰਥੀ ਜਥੇਬੰਦੀ ਨੇ ਜ਼ਿਲ੍ਹੇ ’ਚ ਬੰਦ ਦਾ ਸੱਦਾ ਦਿੱਤਾ ਹੈ। ਵਿਦਿਆਰਥੀ ਜਥੇਬੰਦੀ ਨੇ ਕਿਹਾ ਕਿ ਚੂਰਾਚਾਂਦਪੁਰ ’ਚ ਅਸਥਿਰ ਹਾਲਾਤ ਦੇ ਮੱਦੇਨਜ਼ਰ ਐਮਰਜੈਂਸੀ ਬੰਦ ਜ਼ਰੂਰੀ ਹੋ ਗਿਆ ਹੈ। ਸਾਰੀਆਂ ਆਮ ਸਰਗਰਮੀਆਂ ਮੁਅੱਤਲ ਰਹਿਣਗੀਆਂ। ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਸਲਾਹ ਦਿੰਦਿਆਂ ਸਾਰੇ ਵਿੱਦਿਅਕ ਤੇ ਵਪਾਰਕ ਅਦਾਰੇ ਬੰਦ ਕਰਨ ਲਈ ਕਿਹਾ ਗਿਆ ਹੈ। ਦੂੁਜੇ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਹਿੰਸਕ ਸਰਗਰਮੀਆਂ ਬੰਦ ਕਰਨ ਤੇ ਅਧਿਕਾਰੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। -ਪੀਟੀਆਈ