ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੰਡੀ: ਬੱਦਲ ਫਟਣ ਦੀਆਂ ਘਟਨਾਵਾਂ ’ਚ ਮ੍ਰਿਤਕਾਂ ਦੀ ਗਿਣਤੀ 14 ਹੋਈ

ਲਾਪਤਾ 31 ਜਣਿਆਂ ਦੀ ਭਾਲ ਜਾਰੀ; ਹਿਮਾਚਲ ਦੇ ਛੇ ਜ਼ਿਲ੍ਹਿਆਂ ’ਚ ਹੜ੍ਹਾਂ ਦੀ ਚਿਤਾਵਨੀ
Advertisement

ਸ਼ਿਮਲਾ, 3 ਜੁਲਾਈ

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਬੱਦਲ ਫਟਣ ਅਤੇ ਅਚਾਨਕ ਆਏ ਹੜ੍ਹ ਕਾਰਨ ਮਰੇ ਦੋ ਹੋਰ ਵਿਅਕਤੀਆਂ ਦੀਆਂ ਲਾਸ਼ਾਂ ਮਿਲਣ ਮਗਰੋਂ ਮ੍ਰਿਤਕਾਂ ਦੀ ਗਿਣਤੀ ਵਧ ਕੇ 14 ਹੋ ਗਈ ਹੈ ਅਤੇ ਲਾਪਤਾ 31 ਜਣਿਆਂ ਦੀ ਭਾਲ ਜਾਰੀ ਹੈ।

Advertisement

ਉਧਰ, ਮੌਸਮ ਵਿਭਾਗ ਨੇ 5 ਤੋਂ 9 ਜੁਲਾਈ ਤੱਕ ਪੰਜ ਦਿਨਾਂ ਦੌਰਾਨ ਸੂਬੇ ਦੇ ਵੱਖ-ਵੱਖ ਇਲਾਕਿਆਂ ’ਚ ਭਾਰੀ ਮੀਂਹ ਦਾ ਓਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਹਿਮਾਚਲ ਪ੍ਰਦੇਸ਼ ਦੇ ਛੇ ਜ਼ਿਲ੍ਹਿਆਂ ਕਾਂਗੜਾ, ਮੰਡੀ, ਹਮੀਰਪੁਰ, ਸ਼ਿਮਲਾ, ਸੋਲਨ ਅਤੇ ਸਿਰਮੌਰ ਵਿੱਚ ਹੜ੍ਹਾਂ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਮੰਡੀ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਬੱਦਲ ਫਟਣ ਦੀਆਂ ਦਸ, ਅਚਾਨਕ ਹੜ੍ਹ ਆਉਣ ਅਤੇ ਢਿੱਗਾਂ ਡਿੱਗਣ ਦੀਆਂ ਤਿੰਨ ਘਟਨਾਵਾਂ ਵਾਪਰੀਆਂ ਹਨ। ਅਧਿਕਾਰੀਆਂ ਨੇ ਅੱਜ ਸਵੇਰੇ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਹੁਣ ਤੱਕ ਮੰਡੀ ਜ਼ਿਲ੍ਹੇ ਦੀਆਂ ਸਬ-ਡਿਵੀਜ਼ਨਾਂ ਕਰਸੋਗ ਵਿੱਚ ਇੱਕ, ਗੋਹਰ ’ਚ ਸੱਤ ਅਤੇ ਥੁਨਾਗ ਵਿੱਚ ਪੰਜ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਇਸ ਹਾਦਸੇ ਵਿੱਚ 150 ਤੋਂ ਵੱਧ ਮਕਾਨ, 104 ਗਊਸ਼ਾਲਾਵਾਂ, 31 ਵਾਹਨ, 14 ਪੁਲ ਤੇ ਕਈ ਸੜਕਾਂ ਨੁਕਸਾਨੀਆਂ ਗਈਆਂ ਅਤੇ 162 ਪਸ਼ੂ ਮਾਰੇ ਗਏ ਹਨ ਜਦਕਿ ਮੰਡੀ ’ਚ 316 ਵਿਅਕਤੀਆਂ ਸਮੇਤ ਕੁੱਲ 370 ਵਿਅਕਤੀ ਬਚਾਏ ਗਏ ਹਨ। ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਖੋਜ ਤੇ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੋਲਾਂਗ ਨਾਲੇ ਨੇੜੇ ਡਰੇਨ ਵਿੱਚ ਹੜ੍ਹ ਆਉਣ ਮਗਰੋਂ ਮਨਾਲੀ-ਕਿਲੌਂਗ ਸੜਕ ਬੰਦ ਹੋ ਗਈ ਅਤੇ ਟਰੈਫਿਕ ਨੂੰ ਰੋਹਤਾਂਗ ਦੱਰੇ ਰਾਹੀਂ ਲੰਘਾਇਆ ਜਾ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਭਾਰੀ ਮੀਂਹ ਕਾਰਨ ਸੂਬੇ ਦੀਆਂ ਕੁੱਲ 261 ਸੜਕਾਂ ਬੰਦ ਹਨ ਅਤੇ 599 ਟਰਾਂਸਫਾਰਮਰ ਤੇ 797 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਸੂਬਾਈ ਐਮਰਜੈਂਸੀ ਕੇਂਦਰ ਅਨੁਸਾਰ ਸਭ ਤੋਂ ਵੱਧ ਨੁਕਸਾਨ ਮੰਡੀ ’ਚ ਹੋਇਆ ਜਿੱਥੇ ਅੱਜ ਸਵੇਰ ਤੱਕ 186 ਸੜਕਾਂ ਆਵਾਜਾਈ ਲਈ ਬੰਦ ਰਹੀਆਂ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਵਿਰੋਧੀ ਧਿਰ ਦੇ ਨੇਤਾ ਜੈ ਰਾਮ ਠਾਕੁਰ ਨੇ ਬੁੱਧਵਾਰ ਨੂੰ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਸੀ। ਸੁੁੱਖੂ ਨੇ ਸਥਾਨਕ ਵਾਸੀਆਂ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਨੇੜੇ-ਤੇੜੇ ਕੋਈ ਸਰਕਾਰੀ ਜ਼ਮੀਨ ਉਪਲੱਬਧ ਹੈ ਤਾਂ ਇਹ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਬੇਘਰ ਹੋ ਗਏ ਹਨ। ਜੇਕਰ ਜ਼ਮੀਨ ਜੰਗੀ ਖੇਤਰ ਅਧੀਨ ਆਉਂਦੀ ਹੈ ਤਾਂ ਇਸ ਮਾਮਲੇ ਨੂੰ ਕੇਂਦਰ ਸਰਕਾਰ ਕੋਲ ਚੁੱਕਿਆ ਜਾਵੇਗਾ। -ਪੀਟੀਆਈ

 

ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ ਨੇ ਮੌਨਸੂਨ ਲਈ ਅਨੁਕੂਲ ਪ੍ਰਸਥਿਤੀਆਂ ਦਾ ਹਵਾਲਾ ਦਿੰਦਿਆਂ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ ਵਿਗਿਆਨੀ ਨਰੇਸ਼ ਕੁਮਾਰ ਅਨੁਸਾਰ, ਮੱਧ ਪ੍ਰਦੇਸ਼, ਉੱਤਰੀ ਉੜੀਸਾ ਤੋਂ ਇਲਾਵਾ ਕੇਂਦਰੀ ਭਾਰਤ ਅਤੇ ਪੱਛਮੀ ਤੱਟ ਲਈ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਪੂਰਬੀ ਰਾਜਸਥਾਨ ਵਿੱਚ ਵੀ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। -ਏਐੱਨਆਈ

 

ਸੋਨਪ੍ਰਯਾਗ ਨੇੜੇ ਢਿੱਗਾਂ ਡਿੱਗਣ ਕਾਰਨ ਕੇਦਾਰਨਾਥ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ

ਰੁਦਰਪ੍ਰਯਾਗ: ਸੋਨਪ੍ਰਯਾਗ ਨੇੜੇ ਮਨਕਟੀਆ ਵਿੱਚ ਮੀਂਹ ਕਰਕੇ ਢਿੱਗਾਂ ਡਿੱਗਣ ਨਾਲ ਵੀਰਵਾਰ ਨੂੰ ਕੇਦਾਰਨਾਥ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ ਕਰ ਦਿੱਤੀ ਗਈ ਹੈ। ਪੁਲੀਸ ਮੁਤਾਬਕ ਮਨਕਟੀਆ ਸਲਾਈਡਿੰਗ ਜ਼ੋਨ ਵਿੱਚ ਢਿੱਗਾਂ ਡਿੱਗਣ ਕਰਕੇ ਸੜਕੀ ਰਸਤਾ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ, ਜਿਸ ਕਰਕੇ ਪ੍ਰਸ਼ਾਸਨ ਨੂੰ ਯਾਤਰਾ ਆਰਜ਼ੀ ਤੌਰ ’ਤੇ ਮੁਅੱਤਲ ਕਰਨੀ ਪਈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਕੁਝ ਤੀਰਥ ਯਾਤਰੀ ਜੋ ਗੌਰੀਕੁੰਡ ਤੋਂ ਪਰਤਦੇ ਹੋਏ ਸਲਾਈਡਿੰਗ ਜ਼ੋਨ ਵਿਚ ਫਸ ਗਏ ਸਨ, ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐੱਫ) ਦੇ ਅਮਲੇ ਵੱਲੋਂ ਸੁਰੱਖਿਅਤ ਕੱਢ ਕੇ ਸੋਨਪ੍ਰਯਾਗ ਲਿਆਂਦਾ ਗਿਆ। ਹਾਲ ਦੀ ਘੜੀ ਇਹਤਿਆਤੀ ਉਪਰਾਲੇ ਵਜੋਂ ਕੇਦਾਰਨਾਥ ਯਾਤਰਾ ਰੋਕੀ ਗਈ ਹੈ। -ਪੀਟੀਆਈ

 

Advertisement