ਹਾਦਸੇ ’ਚ ਮੋਈ ਪਤਨੀ ਦੀ ਲਾਸ਼ ਮੋਟਰਸਾਈਕਲ ’ਤੇ ਬੰਨ੍ਹ ਕੇ ਲਿਜਾਣ ਲਈ ਮਜਬੂਰ ਹੋਇਆ ਪਤੀ
ਨਾਗਪੁਰ-ਜਬਲਪੁਰ ਕੌਮੀ ਸ਼ਾਹਰਾਹ 'ਤੇ ਐਤਵਾਰ ਨੂੰ ਮੋਰਫਤਾ ਖੇਤਰ ਦੇ ਨੇੜੇ ਇੱਕ ਦਿਲ-ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਰਾਹਗੀਰਾਂ ਵੱਲੋਂ ਕੋਈ ਮਦਦ ਨਾ ਮਿਲਣ 'ਤੇ ਇੱਕ ਵਿਅਕਤੀ ਨੂੰ ਆਪਣੀ ਮ੍ਰਿਤਕ ਪਤਨੀ ਦੀ ਲਾਸ਼ ਨੂੰ ਆਪਣੇ ਮੋਟਰਸਾਈਕਲ ਨਾਲ ਬੰਨ੍ਹ ਲਿਜਾਣ ਲਈ ਮਜਬੂਰ ਹੋਣਾ ਪਿਆ।
ਔਰਤ ਦੀ ਪਛਾਣ ਗਿਆਰਸੀ ਅਮਿਤ ਯਾਦਵ ਵਜੋਂ ਹੋਈ ਹੈ, ਜਿਸ ਦੀ ਦੁਪਹਿਰ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾਉਣ ਤੋਂ ਬਾਅਦ ਮੌਕੇ 'ਤੇ ਹੀ ਮੌਤ ਹੋ ਗਈ। ਹਾਈਵੇਅ 'ਤੇ ਲੋਕਾਂ ਤੋਂ ਉਸ ਦੀ ਲਾਸ਼ ਲਿਜਾਣ ਵਿੱਚ ਮਦਦ ਲਈ ਮਿੰਨਾਂ ਕਰਨ ਦੇ ਬਾਵਜੂਦ ਉਸਦੇ ਪਤੀ ਅਮਿਤ ਯਾਦਵ ਦੀ ਕਿਸੇ ਨੇ ਕਥਿਤ ਤੌਰ 'ਤੇ ਕੋਈ ਮਦਦ ਨਹੀਂ ਕੀਤੀ।
ਆਖ਼ਰ ਕੋਈ ਹੋਰ ਚਾਰਾ ਨਾ ਹੋਣ ਕਰਕੇ ਨਿਰਾਸ਼ ਅਮਿਤ ਨੇ ਆਪਣੀ ਪਤਨੀ ਦੀ ਲਾਸ਼ ਨੂੰ ਆਪਣੇ ਦੋਪਹੀਆ ਵਾਹਨ ਨਾਲ ਬੰਨ੍ਹ ਦਿੱਤਾ ਅਤੇ ਮੱਧ ਪ੍ਰਦੇਸ਼ ਦੇ ਸਿਓਨੀ ਜ਼ਿਲ੍ਹੇ ਵਿੱਚ ਆਪਣੇ ਜੱਦੀ ਪਿੰਡ ਵਾਪਸ ਲਿਜਾਣ ਦੀ ਕੋਸ਼ਿਸ਼ ਕੀਤੀ।
ਇਹ ਜੋੜਾ ਪਿਛਲੇ ਦਹਾਕੇ ਤੋਂ ਨਾਗਪੁਰ ਦੇ ਕੋਰਡੀ ਨੇੜੇ ਲੋਨਾਰਾ ਵਿੱਚ ਰਹਿ ਰਿਹਾ ਸੀ। ਹਾਦਸੇ ਦੇ ਸਮੇਂ, ਉਹ ਲੋਨਾਰਾ ਤੋਂ ਦੇਵਲਾਪਰ ਰਾਹੀਂ ਕਰਨਪੁਰ ਜਾ ਰਹੇ ਸਨ।
ਅਮਿਤ ਦੀ ਇੰਝ ਆਪਣੀ ਪਤਨੀ ਦੀ ਲਾਸ਼ ਨੂੰ ਲਿਜਾਣ ਦਾ ਇੱਕ ਪ੍ਰੇਸ਼ਾਨ ਕਰਨ ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ, ਜਿਸ ਨਾਲ ਦੇਸ਼ ਵਿਆਪੀ ਰੋਸ ਪੈਦਾ ਹੋ ਗਿਆ ਹੈ।
ਰਿਪੋਰਟਾਂ ਦੱਸਦੀਆਂ ਹਨ ਕਿ ਵੀਡੀਓ ਬਣਾਉਣ ਵਾਲੀ ਹਾਈਵੇਅ ਪੁਲੀਸ ਨੇ ਸ਼ੁਰੂ ਵਿੱਚ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਜਦੋਂ ਉਸ ਨੇ ਇਸਦੀ ਪਾਲਣਾ ਨਹੀਂ ਕੀਤੀ, ਤਾਂ ਉਨ੍ਹਾਂ ਨੇ ਉਸਨੂੰ ਕੁਝ ਦੂਰੀ 'ਤੇ ਰੋਕਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਬਾਅਦ ਵਿੱਚ ਇਸਨੂੰ ਪੋਸਟਮਾਰਟਮ ਲਈ ਨਾਗਪੁਰ ਦੇ ਮੇਓ ਹਸਪਤਾਲ ਭੇਜ ਦਿੱਤਾ ਗਿਆ।