ਗੁਜਰਾਤ ਵਿਚ ਦਹੀਂ ਹਾਂਡੀ ਸਮਾਗਮ ਦੌਰਾਨ ਬਿਜਲੀ ਦਾ ਖੰਭਾ ਡਿੱਗਣ ਨਾਲ ਗੱਭਰੂ ਦੀ ਮੌਤ, ਦੂਜਾ ਜ਼ਖ਼ਮੀ
ਗੁਜਰਾਤ ਦੇ ਕੱਛ ਜ਼ਿਲ੍ਹੇ ਵਿੱਚ ਜਨਮ ਅਸ਼ਟਮੀ ਮੌਕੇ ਦਹੀਂ ਹਾਂਡੀ ਦੇ ਜਸ਼ਨ ਦੌਰਾਨ ਲੋਕਾਂ ਦੇ ਇੱਕ ਸਮੂਹ ’ਤੇ ਬਿਜਲੀ ਦਾ ਖੰਭਾ ਡਿੱਗਣ ਕਾਰਨ 15 ਸਾਲਾ ਲੜਕੇ ਦੀ ਮੌਤ ਹੋ ਗਈ ਅਤੇ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ।
ਇਹ ਘਟਨਾ ਸ਼ਨਿੱਚਰਵਾਰ ਸ਼ਾਮ ਦੀ ਦੱਸੀ ਜਾਂਦੀ ਹੈ ਤੇ ਵੀਡੀਓ ਵਿੱਚ ਕੈਦ ਹੋ ਗਈ। ਜਾਣਕਾਰੀ ਅਨੁਸਾਰ ਦਹੀਂ ਹਾਂਡੀ ਦੇ ਸਮਾਗਮ ਮੌਕੇ ਕੁਝ ਵਿਅਕਤੀਆਂ ਵੱਲੋਂ ਰੱਸੀ ਖਿੱਚਣ ਦੀ ਕੋਸ਼ਿਸ਼ ਦੌਰਾਨ ਉਥੇ ਮੌਜੂਦ ਲੋਕਾਂ ਦੇ ਇੱਕ ਸਮੂਹ ’ਤੇ ਬਿਜਲੀ ਦਾ ਖੰਭਾ ਡਿੱਗ ਗਿਆ। ਜਿਵੇਂ ਹੀ ਖੰਭਾ ਰੱਸੀ ਦੇ ਦਬਾਅ ਕਰਕੇ ਹੇਠਾਂ ਡਿੱਗਾ ਤਾਂ ਜ਼ਮੀਨ ’ਤੇ ਖੜੋਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ।
ਭਚਾਓ ਪੁਲੀਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਜ ਲਈ ਨੇੜਲੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਜਿਸ ਦੀ ਪਛਾਣ ਈਸ਼ਵਰ ਵਰਚਾਂਦ (15) ਵਜੋਂ ਹੋਈ ਹੈ, ਦੀ ਇਲਾਜ ਦੌਰਾਨ ਮੌਤ ਹੋ ਗਈ।
ਦਹੀਂ ਹਾਂਡੀ ਇੱਕ ਰਵਾਇਤੀ ਖੇਡ ਹੈ ਜੋ ਜਨਮ ਅਸ਼ਟਮੀ ’ਤੇ ਆਯੋਜਿਤ ਕੀਤੀ ਜਾਂਦੀ ਹੈ। ਇਸ ਵਿੱਚ ਦਹੀਂ ਜਾਂ ਹੋਰ ਸੁਆਦਾਂ ਨਾਲ ਭਰੇ ਇੱਕ ਮਿੱਟੀ ਦੇ ਘੜੇ ਨੂੰ ਹਵਾ ਵਿੱਚ ਉੱਚੀ ਲਟਕਾਈ ਹੋਈ ਰੱਸੀ ਨਾਲ ਬੰਨ੍ਹਿਆ ਜਾਂਦਾ ਹੈ ਅਤੇ ਗੋਵਿੰਦਾ (ਭਾਗੀਦਾਰ) ਇਸ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹਨ।