ਮੰਗਲੁਰੂ ਹਵਾਈ ਅੱਡੇ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੋਸ਼ ਹੇਠ ਵਿਅਕਤੀ ਗ੍ਰਿਫ਼ਤਾਰ
ਤਮਿਲਨਾਡੂ ਦੇ ਇੱਕ ਵਿਅਕਤੀ ਨੂੰ ਮੰਗਲੁਰੂ ਕੌਮਾਂਤਰੀ ਹਵਾਈ ਅੱਡੇ ਨੂੰ ਕਥਿਤ ਤੌਰ ’ਤੇ ਬੰਬ ਦੀ ਧਮਕੀ ਵਾਲੀ ਕਾਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਦੀ ਪਛਾਣ ਵੇਲੋਰ ਜ਼ਿਲ੍ਹੇ ਦੇ ਸ਼ਸ਼ੀਕੁਮਾਰ (38) ਵਜੋਂ ਹੋਈ ਹੈ। ਪੁਲੀਸ ਵੱਲੋਂ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਬਾਅਦ ਵਿੱਚ ਉਸ ਵਿਰੁੱਧ ਮਾਮਲਾ ਦਰਜ ਕਰਨ ਤੋਂ ਬਾਅਦ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਪੁਲੀਸ ਨੇ ਦੱਸਿਆ ਕਿ 29 ਅਗਸਤ ਦੀ ਰਾਤ ਨੂੰ ਹਵਾਈ ਅੱਡੇ ਦੇ ਡਿਊਟੀ ਟਰਮੀਨਲ ਮੈਨੇਜਰ ਨੂੰ ਇੱਕ ਕਾਲ ਆਈ ਜਿਸ ਵਿੱਚ ਚੇਤਾਵਨੀ ਦਿੱਤੀ ਗਈ ਕਿ ‘ਟਰਮੀਨਲ ਬਿਲਡਿੰਗ ਨੂੰ ਖਾਲੀ ਕਰ ਦਿਓ ਨਹੀਂ ਤਾਂ ਇਸ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ’
ਪੁੱਛ ਪੜਤਾਲ ਦੌਰਾਨ ਸ਼ਸ਼ੀਕੁਮਾਰ ਨੇ ਕਬੂਲਿਆ ਕਿ ਉਸ ਨੇ ਸੋਸ਼ਲ ਮੀਡੀਆ ’ਤੇ ਹਵਾਈ ਅੱਡਿਆਂ ਦੇ ਸੰਪਰਕ ਨੰਬਰ ਲੱਭੇ ਸਨ ਅਤੇ ਦੇਸ਼ ਭਰ ਦੇ ਕਈ ਹਵਾਈ ਅੱਡਿਆਂ ਨੂੰ ਅਜਿਹੀਆਂ ਧਮਕੀ ਵਾਲੀਆਂ ਕਾਲਾਂ ਕੀਤੀਆਂ।
ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 351(2) ਅਤੇ 351(3) ਅਤੇ ਸਿਵਲ ਏਵੀਏਸ਼ਨ ਦੀ ਸੁਰੱਖਿਆ ਵਿਰੁੱਧ ਗੈਰਕਾਨੂੰਨੀ ਕਾਰਵਾਈਆਂ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲੀਸ ਨੇ ਕਿਹਾ ਕਿ ਇਹ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਕਿ ਇਸ ਪਿੱਛੇ ਉਸ ਦਾ ਕੀ ਇਰਾਦਾ ਸੀ।