‘ਮਹਿਲਾ ਪੱਤਰਕਾਰਾਂ ਨੂੰ ਰੋਕੇ ਜਾਣ ’ਤੇ ਪੁਰਸ਼ਾਂ ਨੂੰ ਵਾਕਆਊਟ ਕਰਨਾ ਚਾਹੀਦਾ ਸੀ’
ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, ‘‘ਦਿੱਲੀ ਵਿੱਚ ਅਫ਼ਗਾਨਿਸਤਾਨ ਦੇ ਵਿਦੇਸ਼ ਮੰਤਰੀ ਵੱਲੋਂ ਬੀਤੇ ਦਿਨ ਕੀਤੀ ਗਈ ਪ੍ਰੈੱਸ ਗੱਲਬਾਤ ਵਿੱਚ MEA ਦੀ ਕੋਈ ਸ਼ਮੂਲੀਅਤ ਨਹੀਂ ਸੀ।’’
ਦੋਵਾਂ ਮੰਤਰੀਆਂ ਵਿਚਕਾਰ ਅਧਿਕਾਰਤ ਮੀਟਿੰਗ ਤੋਂ ਬਾਅਦ ਕੋਈ ਸਾਂਝੀ ਪ੍ਰੈੱਸ ਬ੍ਰੀਫਿੰਗ ਨਹੀਂ ਕੀਤੀ ਗਈ ਅਤੇ ਇਕੱਲੇ ਅਫਗਾਨ ਪੱਖ ਨੇ ਆਪਣੇ ਦੂਤਾਵਾਸ ਅਹਾਤੇ ਵਿੱਚ ਇੱਕ ਵੱਖਰੀ ਮੀਡੀਆ ਗੱਲਬਾਤ ਕੀਤੀ।
ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਘਟਨਾ ’ਤੇ ਆਪਣੀ ਸਥਿਤੀ ਸਪੱਸ਼ਟ ਕਰਨ। ਉਨ੍ਹਾਂ ਇਸ ਨੂੰ ‘ਭਾਰਤ ਦੀਆਂ ਮਹਿਲਾ ਪੱਤਰਕਾਰਾਂ ਦਾ ਅਪਮਾਨ’ ਕਰਾਰ ਦਿੱਤਾ। X ’ਤੇ ਇੱਕ ਪੋਸਟ ਵਿੱਚ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਕਿਰਪਾ ਕਰਕੇ ਭਾਰਤ ਦੀ ਫੇਰੀ ’ਤੇ ਤਾਲਿਬਾਨ ਦੇ ਪ੍ਰਤੀਨਿਧੀ ਦੀ ਪ੍ਰੈੱਸ ਕਾਨਫਰੰਸ ਤੋਂ ਮਹਿਲਾ ਪੱਤਰਕਾਰਾਂ ਨੂੰ ਹਟਾਉਣ ’ਤੇ ਆਪਣੀ ਸਥਿਤੀ ਸਪੱਸ਼ਟ ਕਰੋ। ਜੇਕਰ ਔਰਤਾਂ ਦੇ ਅਧਿਕਾਰਾਂ ਦੀ ਤੁਹਾਡੀ ਮਾਨਤਾ ਸਿਰਫ਼ ਇੱਕ ਚੋਣ ਤੋਂ ਦੂਜੀ ਚੋਣ ਤੱਕ ਆਸਾਨ ਢੰਗ ਨਾਲ ਪੇਸ਼ ਆਉਣਾ ਨਹੀਂ ਹੈ ਤਾਂ ਫਿਰ ਸਾਡੇ ਦੇਸ਼ ਵਿੱਚ ਭਾਰਤ ਦੀਆਂ ਕੁਝ ਸਭ ਤੋਂ ਯੋਗ ਮਹਿਲਾਵਾਂ ਦਾ ਇਹ ਅਪਮਾਨ ਕਿਵੇਂ ਹੋਣ ਦਿੱਤਾ ਗਿਆ ਹੈ, ਇੱਕ ਅਜਿਹਾ ਦੇਸ਼ ਜਿੱਥੋਂ ਦੀਆਂ ਮਹਿਲਾਵਾਂ ਇਸ ਦੀ ਰੀੜ੍ਹ ਦੀ ਹੱਡੀ ਅਤੇ ਇਸ ਦਾ ਮਾਣ ਹਨ।’’
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਸਵਾਲ ਕੀਤਾ ਕਿ ਭਾਰਤ ਵਰਗੇ ਲੋਕਤੰਤਰੀ ਦੇਸ਼ ਵਿੱਚ ਤਾਲਿਬਾਨ ਨੂੰ ਅਜਿਹੀ ਇਜਾਜ਼ਤ ਕਿਵੇਂ ਦਿੱਤੀ ਗਈ। ਚਿਦੰਬਰਮ ਨੇ ਕਿਹਾ ਕਿ ਪੁਰਸ਼ ਪੱਤਰਕਾਰਾਂ ਨੂੰ ਵਾਕਆਊਟ ਕਰ ਦੇਣਾ ਚਾਹੀਦਾ ਸੀ। ਇਸ ਘਟਨਾ ਨੇ ਤਾਲਿਬਾਨ ਦੀਆਂ ਮਹਿਲਾ ਵਿਰੋਧੀ ਨੀਤੀਆਂ ਅਤੇ ਭਾਰਤ ਦੀ ਕੂਟਨੀਤਕ ਨੀਤੀ ਬਾਰੇ ਨਵੇਂ ਸਵਾਲ ਖੜ੍ਹੇ ਕੀਤੇ ਹਨ।
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਕੇਂਦਰ ਸਰਕਾਰ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਸਖ਼ਤ ਆਲੋਚਨਾ ਕੀਤੀ ਹੈ।
ਨਵੀਂ ਦਿੱਲੀ ਸਥਿਤ ਅਫਗਾਨ ਦੂਤਾਵਾਸ ਵਿੱਚ ਅਫਗਾਨ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਵੱਲੋਂ ਕਰਵਾਈ ਗਈ ਪ੍ਰੈੱਸ ਕਾਨਫਰੰਸ ’ਚ ਮਹਿਲਾ ਪੱਤਰਕਾਰਾਂ ਨੂੰ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ, ਜਦੋਂ ਉਨ੍ਹਾਂ ਨੇ ਭਾਰਤੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਕਈ ਮੁੱਦਿਆਂ ’ਤੇ ਚਰਚਾ ਕੀਤੀ।
ਸੂਤਰਾਂ ਅਨੁਸਾਰ ਇਸ ਮੀਡੀਆ ਗੱਲਬਾਤ ਲਈ ਪੱਤਰਕਾਰਾਂ ਨੂੰ ਸੱਦਾ ਦੇਣ ਦਾ ਫ਼ੈਸਲਾ ਵਿਦੇਸ਼ ਮੰਤਰੀ ਦੇ ਨਾਲ ਆਏ ਤਾਲਿਬਾਨ ਅਧਿਕਾਰੀਆਂ ਨੇ ਲਿਆ ਸੀ। ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਭਾਰਤੀ ਪੱਖ ਨੇ ਸੁਝਾਅ ਦਿੱਤਾ ਸੀ ਕਿ ਮਹਿਲਾ ਪੱਤਰਕਾਰਾਂ ਨੂੰ ਵੀ ਇਸ ਸਮਾਗਮ ਵਿੱਚ ਸੱਦਾ ਦਿੱਤਾ ਜਾਣਾ ਚਾਹੀਦਾ ਹੈ ਪਰ ਅਜਿਹਾ ਨਹੀਂ ਹੋਇਆ।
ਕਾਬੁਲ ਵਿੱਚ ਤਾਲਿਬਾਨ ਸ਼ਾਸਨ ਨੂੰ ਔਰਤਾਂ ਦੇ ਅਧਿਕਾਰਾਂ ਨੂੰ ਸੀਮਤ ਕਰਨ ਲਈ ਸੰਯੁਕਤ ਰਾਸ਼ਟਰ ਸਣੇ ਕਈ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਵੱਲੋਂ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਮੁਤੱਕੀ ਨੇ ਔਰਤਾਂ ਦੀ ਸਥਿਤੀ ਬਾਰੇ ਸਿੱਧੇ ਸਵਾਲ ਤੋਂ ਬਚਦਿਆਂ ਕਿਹਾ ਕਿ ਹਰ ਦੇਸ਼ ਦੇ ਆਪਣੇ ਰੀਤੀ-ਰਿਵਾਜ, ਕਾਨੂੰਨ ਅਤੇ ਸਿਧਾਂਤ ਹੁੰਦੇ ਹਨ, ਜਿਨ੍ਹਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ।
ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਇਸ ਘਟਨਾ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਭਾਰਤ ਵਰਗੇ ਲੋਕਤੰਤਰੀ ਦੇਸ਼ ਲਈ ਸ਼ਰਮਨਾਕ ਹੈ ਕਿ ਮਹਿਲਾ ਪੱਤਰਕਾਰਾਂ ਨੂੰ ਤਾਲਿਬਾਨ ਦੇ ਪ੍ਰਤੀਨਿਧੀਆਂ ਦੁਆਰਾ ਸ਼ਾਮਲ ਪ੍ਰੈੱਸ ਕਾਨਫਰੰਸ ਤੋਂ ਬਾਹਰ ਰੱਖਿਆ ਗਿਆ।
X (ਪਹਿਲਾਂ ਟਵਿੱਟਰ) ’ਤੇ ਇੱਕ ਪੋਸਟ ਵਿੱਚ ਮਹੂਆ ਮੋਇਤਰਾ ਨੇ ਭਾਰਤ ਸਰਕਾਰ ਦੇ ਆਪਣੀ ਧਰਤੀ ’ਤੇ ਇੱਕ ਲਿੰਗ-ਵਿਸ਼ੇਸ਼ ਸਮਾਗਮ ਦੀ ਆਗਿਆ ਦੇਣ ਦੇ ਫ਼ੈਸਲੇ ’ਤੇ ਸਵਾਲ ਚੁੱਕੇ ਹਨ, ਜਦੋਂ ਕਿ ਤਾਲਿਬਾਨ ਦੇ ਇੱਕ ਪ੍ਰਤੀਨਿਧੀ ਨੂੰ ਅਧਿਕਾਰਤ ਪ੍ਰੋਟੋਕੋਲ ਦਿੱਤਾ ਗਿਆ ਹੈ, ਇੱਕ ਅਜਿਹਾ ਸ਼ਾਸਨ ਜੋ ਮਹਿਲਾਵਾਂ ਖ਼ਿਲਾਫ਼ ਆਪਣੀਆਂ ਦਮਨਕਾਰੀ ਨੀਤੀਆਂ ਲਈ ਜਾਣਿਆ ਜਾਂਦਾ ਹੈ।
ਉਨ੍ਹਾਂ ਲਿਖਿਆ, ‘‘ਸਰਕਾਰ ਨੇ ਤਾਲਿਬਾਨ ਦੇ ਵਿਦੇਸ਼ ਮੰਤਰੀ ਅਮੀਰ ਮੁਤੱਕੀ ਨੂੰ ਭਾਰਤੀ ਧਰਤੀ ’ਤੇ ਮਹਿਲਾ ਪੱਤਰਕਾਰਾਂ ਨੂੰ ਛੱਡ ਕੇ ‘ਪੁਰਸ਼ਾਂ ਲਈ’ ਪ੍ਰੈੱਸ ਕਾਨਫਰੰਸ ਕਰਨ ਦੀ ਇਜਾਜ਼ਤ ਕਿਵੇਂ ਦਿੱਤੀ? ਜੈਸ਼ੰਕਰ ਨੇ ਇਸ ਨੂੰ ਕਿਵੇਂ ਮਨਜ਼ੂਰੀ ਦਿੱਤੀ? ਅਤੇ ਮੌਜੂਦ ਪੁਰਸ਼ ਪੱਤਰਕਾਰਾਂ ਨੇ ਵਾਕਆਊਟ ਕਿਉਂ ਨਹੀਂ ਕੀਤਾ?’’
ਕਾਂਗਰਸ ਨੇਤਾ ਪੀ. ਚਿਦੰਬਰਮ ਨੇ ਵੀ ਇਸ ਮਾਮਲੇ ’ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, ‘‘ਮੈਂ ਹੈਰਾਨ ਹਾਂ ਕਿ ਆਮਿਰ ਖਾਨ ਮੁਤੱਕੀ ਦੀ ਪ੍ਰੈੱਸ ਕਾਨਫਰੰਸ ਤੋਂ ਮਹਿਲਾ ਪੱਤਰਕਾਰਾਂ ਨੂੰ ਬਾਹਰ ਰੱਖਿਆ ਗਿਆ। ਮੇਰੀ ਨਿੱਜੀ ਰਾਏ ਵਿੱਚ ਜਦੋਂ ਪੁਰਸ਼ ਪੱਤਰਕਾਰਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀਆਂ ਮਹਿਲਾ ਸਹਿਯੋਗੀਆਂ ਨੂੰ ਸੱਦਾ ਨਹੀਂ ਦਿੱਤਾ ਗਿਆ ਸੀ ਤਾਂ ਉਨ੍ਹਾਂ ਨੂੰ ਪ੍ਰੈਸ ਕਾਨਫਰੰਸ ਤੋਂ ਵਾਕਆਊਟ ਕਰ ਜਾਣਾ ਚਾਹੀਦਾ ਸੀ।’’
ਵੀਰਵਾਰ ਨੂੰ ਭਾਰਤ ਪਹੁੰਚੇ ਮੁਤੱਕੀ ਨੇ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਕੀਤੀ। ਇਸ ਤੋਂ ਬਾਅਦ ਭਾਰਤ ਨੇ ਐਲਾਨ ਕੀਤਾ ਕਿ ਉਹ ਕਾਬੁਲ ਵਿੱਚ ਆਪਣੇ ਤਕਨੀਕੀ ਮਿਸ਼ਨ ਨੂੰ ਪੂਰੀ ਤਰ੍ਹਾਂ ਦੂਤਾਵਾਸ ਦੇ ਦਰਜੇ ਵਿੱਚ ਅਪਗ੍ਰੇਡ ਕਰੇਗਾ - ਜੋ ਤਾਲਿਬਾਨ ਸ਼ਾਸਨ ਨਾਲ ਸਬੰਧਾਂ ਵਿੱਚ ਇੱਕ ਵੱਡਾ ਬਦਲਾਅ ਮੰਨਿਆ ਜਾ ਰਿਹਾ ਹੈ। ਜੈਸ਼ੰਕਰ ਨੇ ਕਿਹਾ, ‘‘ਭਾਰਤ ਅਫਗਾਨਿਸਤਾਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਆਜ਼ਾਦੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਭਾਰਤ ਦੇ ਤਕਨੀਕੀ ਮਿਸ਼ਨ ਨੂੰ ਹੁਣ ਦੂਤਾਵਾਸ ਦੇ ਦਰਜੇ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਹੈ।’’
ਹਾਲਾਂਕਿ ਦਿੱਲੀ ਵਿੱਚ ਅਫਗਾਨ ਦੂਤਾਵਾਸ ਵਿੱਚ ਮੁਤੱਕੀ ਦੀ ਪ੍ਰੈੱਸ ਬ੍ਰੀਫਿੰਗ ਵਿੱਚ ਮਹਿਲਾ ਪੱਤਰਕਾਰਾਂ ਨੂੰ ਸ਼ਾਮਲ ਹੋਣ ਤੋਂ ਰੋਕਣ ਤੋਂ ਬਾਅਦ ਵਿਵਾਦ ਛਿੜ ਗਿਆ ਹੈ। ਨਿਰਧਾਰਤ ਡਰੈੱਸ ਕੋਡ ਦੀ ਪਾਲਣਾ ਕਰਨ ਦੇ ਬਾਵਜੂਦ ਕਈ ਮਹਿਲਾ ਪੱਤਰਕਾਰਾਂ ਨੂੰ ਦਾਖ਼ਲੇ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਨਾਲ ਸੋਸ਼ਲ ਮੀਡੀਆ ’ਤੇ ਵਿਆਪਕ ਆਲੋਚਨਾ ਹੋਈ।
ਬਹੁਤ ਸਾਰੇ ਪੱਤਰਕਾਰਾਂ ਨੇ ਆਨਲਾਈਨ ਆਪਣਾ ਗੁੱਸਾ ਜ਼ਾਹਰ ਕੀਤਾ। 2021 ਵਿੱਚ ਅਫਗਾਨਿਸਤਾਨ ਵਿੱਚ ਸੱਤਾ ਵਿੱਚ ਵਾਪਸ ਆਏ ਤਾਲਿਬਾਨ ਸ਼ਾਸਨ ਨੂੰ ਔਰਤਾਂ ’ਤੇ ਸਖ਼ਤ ਪਾਬੰਦੀਆਂ, ਜਿਸ ਵਿੱਚ ਸਿੱਖਿਆ, ਰੁਜ਼ਗਾਰ ਅਤੇ ਜਨਤਕ ਜੀਵਨ ਵਿੱਚ ਭਾਗੀਦਾਰੀ ’ਤੇ ਪਾਬੰਦੀਆਂ ਸ਼ਾਮਲ ਹਨ, ਲਈ ਵਿਸ਼ਵਵਿਆਪੀ ਨਿੰਦਾ ਦਾ ਸਾਹਮਣਾ ਕਰਨਾ ਪਿਆ ਹੈ।
ਵਿਦੇਸ਼ ਮੰਤਰਾਲੇ ਨੇ ਮਹਿਲਾ ਪੱਤਰਕਾਰਾਂ ਨੂੰ ਬਾਹਰ ਕੱਢਣ ਦੇ ਆਲੇ ਦੁਆਲੇ ਦੇ ਵਿਵਾਦ ਤੋਂ ਖ਼ੁਦ ਨੂੰ ਦੂਰ ਕਰਦਿਆਂ ਦੁਹਰਾਇਆ ਕਿ MEA ਦੀ ਅਫਗਾਨ ਦੂਤਾਵਾਸ ਦੇ ਪ੍ਰੈੱਸ ਗੱਲਬਾਤ ਨੂੰ ਸੰਗਠਿਤ ਕਰਨ ਜਾਂ ਪ੍ਰਬੰਧਨ ਵਿੱਚ ਕੋਈ ਭੂਮਿਕਾ ਨਹੀਂ ਸੀ।