ਮੁਲਕ ਨੂੰ ਆਤਮ-ਨਿਰਭਰ ਬਣਾਉਣਾ ਸਾਡੀ ਕੌਮੀ ਤਰਜੀਹ: ਮੁਰਮੂ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ‘ਰਾਸ਼ਟਰ ਪ੍ਰਥਮ’ ਦੀ ਭਾਵਨਾ ਨਾਲ ਭਾਰਤ ’ਚ ਬਣੀਆਂ ਵਸਤਾਂ ਨੂੰ ਹੱਲਾਸ਼ੇਰੀ ਦੇਣ ’ਚ ਨੌਜਵਾਨਾਂ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਜ਼ੋਰ ਦਿੱਤਾ ਕਿ ਦੇਸ਼ ਨੂੰ ਆਤਮ-ਨਿਰਭਰ ਬਣਾਉਣਾ ਕੌਮੀ ਤਰਜੀਹ ਹੈ। ਇਥੇ ਗੁਜਰਾਤ ਵਿਦਿਆਪੀਠ ਦੀ 71ਵੀਂ ਕਾਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਗੱਲ ਆਖੀ। ਇਸ ਡੀਮਡ ਯੂਨੀਵਰਸਿਟੀ ਦੀ ਸਥਾਪਨਾ ਮਹਾਤਮਾ ਗਾਂਧੀ ਨੇ ਕੀਤੀ ਸੀ। ਇਸ ਮੌਕੇ 713 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁਰਮੂ ਨੇ ਕਿਹਾ, ‘‘ਮਹਾਤਮਾ ਗਾਂਧੀ ਖੁਦ ਅਕਤੂਬਰ 1920 ਤੋਂ ਜਨਵਰੀ 1948 ਤੱਕ ਇਸ ਸੰਸਥਾਨ ਦੇ ਚਾਂਸਲਰ ਰਹੇ ਸਨ।’’ ਉਨ੍ਹਾਂ ਵਿਦਿਆਰਥੀਆਂ ਨੂੰ ਭਾਰਤ ਨੂੰ ਵਿਕਸਤ ਮੁਲਕ ਬਣਾਉਣ ਅਤੇ ਕੌਮਾਂਤਰੀ ਭਾਈਚਾਰੇ ’ਚ ਸਾਖ ਵਧਾਉਣ ਦਾ ਅਹਿਦ ਲੈਣ ਦੀ ਅਪੀਲ ਕੀਤੀ। ਮੁਰਮੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਰੋਜ਼ੀ-ਰੋਟੀ ਕਮਾਉਣ ਦੇ ਇਰਾਦੇ ਨਾਲ ਹੀ ਸਿੱਖਿਆ ਨਹੀਂ ਲੈਣੀ ਚਾਹੀਦੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਅਤੇ ਸਮਾਜ ਵੀ ਵਿਦਿਆਰਥੀਆਂ ਦੀ ਸਿੱਖਿਆ ’ਚ ਯੋਗਦਾਨ ਦਿੰਦਾ ਹੈ ਅਤੇ ਉਨ੍ਹਾਂ ਨੂੰ ਸਮਾਜ ਦੀ ਸੇਵਾ ਕਰਕੇ ਇਹ ਕਰਜ਼ ਉਤਾਰਨਾ ਚਾਹੀਦਾ ਹੈ। ਕਾਨਵੋਕੇਸ਼ਨ ਮੌਕੇ ਗੁਜਰਾਤ ਦੇ ਰਾਜਪਾਲ ਅਚਾਰਿਆ ਦੇਵਵ੍ਰਤ ਅਤੇ ਮੁੱਖ ਮੰਤਰੀ ਭੁਪੇਂਦਰ ਪਟੇਲ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦਵਾਰਕਾ ਨਗਰ ’ਚ ਮਸ਼ਹੂਰ ਦਵਾਰਕਾਧੀਸ਼ ਮੰਦਰ ਦੇ ਦਰਸ਼ਨ ਕੀਤੇ ਅਤੇ ਮੱਥਾ ਟੇਕਿਆ।