ਮੈਡੀਕਲ ਕਾਲਜ ਨੂੰ ਘੱਟਗਿਣਤੀ ਸੰਸਥਾ ਬਣਵਾਓ: ਉਮਰ
ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਭਾਜਪਾ ਆਗੂ ਸੁਨੀਲ ਸ਼ਰਮਾ ਨੂੰ ਸ੍ਰੀ ਮਾਤਾ ਵੈਸ਼ਨੋ ਦੇਵੀ ਇੰਸਟੀਚਿਊਟ ਆਫ ਮੈਡੀਕਲ ਐਕਸੀਲੈਂਸ ਨੂੰ ਘੱਟਗਿਣਤੀ ਸੰਸਥਾ ਐਲਾਨਣ ਲਈ ਦਬਾਅ ਬਣਾਉਣ ਲਈ ਕਿਹਾ ਤਾਂ ਜੋ ਗ਼ੈਰ-ਹਿੰਦੂ ਵਿਦਿਆਰਥੀਆਂ ਨੂੰ ਇਸ ਤੋਂ ਦੂਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਆਗੂ ਜਦੋਂ ਵੀ ਭਾਈਚਾਰੇ ’ਤੇ ਉਂਗਲ ਚੁੱਕਣ ਦੀ ਕੋਸ਼ਿਸ਼ ਕਰਨ ਅਤੇ ਉਸ ’ਤੇ ਫਿਰਕੂ ਜਾਂ ਦੂਜਿਆਂ ਨੂੰ ਬਰਦਾਸ਼ਤ ਨਾ ਕਰਨ ਦਾ ਦੋਸ਼ ਲਾਉਣ ਤਾਂ ਉਨ੍ਹਾਂ ਨੂੰ ਮੈਡੀਕਲ ਕਾਲਜ ’ਚ ਮੁਸਲਿਮ ਵਿਦਿਆਰਥੀਆਂ ਦੇ ਦਾਖਲੇ ਦਾ ਆਪਣਾ ਵਿਰੋਧ ਯਾਦ ਰੱਖਣਾ ਚਾਹੀਦਾ ਹੈ। ਸ੍ਰੀ ਅਬਦੁੱਲਾ ਨੇ ਇੱਥੇ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਕਿਹਾ, ‘‘ਆਸਥਾ ਠੀਕ ਹੈ ਪਰ ਜਦੋਂ ਤੁਸੀਂ ਕਾਲਜ ਬਣਾ ਰਹੇ ਸੀ ਤਾਂ ਉਸ ਨੂੰ ਉਸੇ ਸਮੇਂ ਘੱਟਗਿਣਤੀ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਸੀ। ਦਾਖਲੇ ਨੀਟ ਤੇ ਹੋਰ ਪ੍ਰੀਖਿਆਵਾਂ ਦੇ ਆਧਾਰ ’ਤੇ ਹੁੰਦੇ ਹਨ, ਧਰਮ ਦੇ ਆਧਾਰ ’ਤੇ ਨਹੀਂ।’’ ਜੰਮੂ ਕਸ਼ਮੀਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਸ਼ਰਮਾ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ, ‘‘ਜੇ ਤੁਸੀਂ ਚਾਹੁੰਦੇ ਹੋ ਕਿ ਮੁਸਲਮਾਨਾਂ ਨੂੰ ਇਸ ਸੰਸਥਾ ’ਚ ਦਾਖਲਾ ਨਾ ਮਿਲੇ ਤਾਂ ਅਜਿਹਾ ਹੀ ਰਹਿਣ ਦਿਉ। ਇਸ ਨੂੰ ਘੱਟ ਗਿਣਤੀ ਸੰਸਥਾ ਐਲਾਨ ਦਿਉ ਅਤੇ ਯੋਗਤਾ ਦੇ ਆਧਾਰ ’ਤੇ ਦਾਖਲਾ ਹਾਸਲ ਕਰਨ ਵਾਲੇ ਮੁਸਲਮਾਨਾਂ ਤੇ ਸਿੱਖ ਵਿਦਿਆਰਥੀ ਨੂੰ ਕਿਤੇ ਹੋਰ ਦਾਖਲਾ ਦਿੱਤਾ ਜਾਵੇ ਪਰ ਜਦੋਂ ਤੁਸੀਂ ਮੁਸਲਮਾਨਾਂ ’ਤੇ ਉਂਗਲ ਚੁੱਕਦੇ ਹੋ ਅਤੇ ਉਨ੍ਹਾਂ ’ਤੇ ਫਿਰਕੂ, ਤੰਗ ਸੋਚ ਵਾਲੇ ਤੇ ਦੂਜਿਆਂ ਨੂੰ ਬਰਦਾਸ਼ਤ ਨਾ ਕਰਨ ਦਾ ਦੋਸ਼ ਲਾਉਂਦੇ ਹੋ ਤਾਂ ਆਪਣੀ ਭੂਮਿਕਾ ਯਾਦ ਰੱਖੋ।’’
