ਮਜੀਠੀਆ ਦੀ ਗ੍ਰਿਫ਼ਤਾਰੀ ਜਮਹੂਰੀ ਪ੍ਰਕਿਰਿਆ ’ਤੇ ਸਵਾਲ: ਅਸ਼ਵਨੀ ਕੁਮਾਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੂਨ
ਸਾਬਕਾ ਕਾਨੂੰਨ ਤੇ ਨਿਆਂ ਮੰਤਰੀ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਕਥਿਤ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰੀ ਕਾਨੂੰਨੀ, ਰਾਜਨੀਤਕ ਤੇ ਜਮਹੂਰੀ ਪ੍ਰਕਿਰਿਆਵਾਂ ਨਾਲ ਸਬੰਧਤ ਕਈ ਸਵਾਲ ਖੜ੍ਹੇ ਕਰਦੀ ਹੈ। ਮਜੀਠੀਆ ਵਿਰੁੱਧ ਨਸ਼ਿਆਂ ਨਾਲ ਕਥਿਤ ਸਬੰਧਿਤ ਮਾਮਲਾ ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਦੇ ਕੇਂਦਰ ਵਿੱਚ ਰਿਹਾ ਹੈ। ਉਨ੍ਹਾਂ ਨੂੰ ਕੈਦ ਕੀਤਾ ਗਿਆ, ਜ਼ਮਾਨਤ ’ਤੇ ਰਿਹਾਅ ਕੀਤਾ ਗਿਆ ਅਤੇ ਹੁਣ ਤੱਕ ਦੋਸ਼ੀ ਸਾਬਤ ਨਹੀਂ ਕੀਤਾ ਗਿਆ ਜਦਕਿ ਵੱਖ ਵੱਖ ਸਰਕਾਰਾਂ ਨਸ਼ਿਆਂ ਖ਼ਿਲਾਫ਼ ਜੰਗ ਤੋਂ ਸਿਆਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਤੇ ਡਰੱਗ ਮਨੀ ਖ਼ਿਲਾਫ਼ ਲੜਾਈ ਪੁਲੀਸ ਦੀਆਂ ਤਾਕਤਾਂ ਦੀ ਦਮਨਕਾਰੀ ਵਰਤੋਂ ਰਾਹੀਂ ਨਹੀਂ ਬਲਕਿ ਕਾਨੂੰਨੀ ਪ੍ਰਕਿਰਿਆ, ਮੁਲਜ਼ਮਾਂ ਦੇ ਪੱਖ ’ਚ ਬੇਕਸੂਰ ਹੋਣ ਦੇ ਅਨੁਮਾਨ ਦੇ ਬੁਨਿਆਦੀ ਅਧਿਕਾਰ ਅਤੇ ਕੁਦਰਤੀ ਨਿਆਂ ਦੇ ਸਿਧਾਂਤਾਂ ਨਾਲ ਲੜੀ ਜਾਣੀ ਚਾਹੀਦੀ ਹੈ। ਅਜਿਹਾ ਨਹੀਂ ਲਗਦਾ ਕਿ ਸਵੇਰੇ-ਸਵੇਰੇ ਮਾਰੇ ਗਏ ਛਾਪੇ ਅਤੇ ਮਜੀਠੀਆ ਦੀ ਗ੍ਰਿਫ਼ਤਾਰੀ ਦੇ ਢੰਗ ਦੇ ਮਾਮਲੇ ’ਚ ਅਜਿਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਇਹ ਕਾਨੂੰਨੀ ਮਾਮਲਾ ਨਹੀਂ ਹੈ ਬਲਕਿ ਸਿਆਸੀ ਮਕਸਦ ਹਾਸਲ ਕਰਨ ਦਾ ਮਾਮਲਾ ਹੈ।
ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ਸੁਪਰੀਮ ਕੋਰਟ ਵੱਲੋਂ ਕਈ ਮਾਮਲਿਆਂ ’ਚ ਤੈਅ ਕੀਤੇ ਗਏ ਕਾਨੂੰਨ ਦੇ ਖ਼ਿਲਾਫ਼ ਹੈ ਜਿਸ ’ਚ ਕਿਹਾ ਗਿਆ ਹੈ ਕਿ ਨਿੱਜੀ ਆਜ਼ਾਦੀ ਨੂੰ ਸਿਰਫ਼ ਅਸਾਧਾਰਨ ਮਾਮਲਿਆਂ ’ਚ ਸੀਮਤ ਕੀਤਾ ਜਾ ਸਕਦਾ ਹੈ ਅਤੇ ਅਪਰਾਧਿਕ ਮਾਮਲਿਆਂ ’ਚ ਜਾਂਚ ਲਈ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਲੋੜ ਨਹੀਂ ਹੈ। ਮਜੀਠੀਆ ਮਾਮਲੇ ’ਚ ਇਸ ਬਾਰੇ ਕੁਝ ਵੀ ਨਹੀਂ ਕਿਹਾ ਗਿਆ ਕਿ ਜਾਂਚ ਦੇ ਸ਼ੁਰੂਆਤੀ ਗੇੜ ’ਚ ਹੀ ਸਵੇਰੇ-ਸਵੇਰੇ ਉਨ੍ਹਾਂ ਦੀ ਗ੍ਰਿਫ਼ਤਾਰੀ ਕਿਉਂ ਜ਼ਰੂਰੀ ਸੀ। ਉਨ੍ਹਾਂ ਕਿਹਾ ਕਿ ਇਹ ਸਿਧਾਂਤ ਕਿ ਕਾਨੂੰਨ ਨੂੰ ਆਪਣਾ ਕੰਮ ਕਰਨਾ ਚਾਹੀਦਾ ਹੈ, ਕਾਨੂੰਨੀ ਪ੍ਰਕਿਰਿਆ ਦੀ ਦੁਰਵਰਤੋਂ ਨੂੰ ਜਾਇਜ਼ ਨਹੀਂ ਠਹਿਰਾਉਂਦਾ।