RSS ਆਗੂ ਦੇ ਪੋਤਰੇ ਨਵੀਨ ਅਰੋੜਾ ਕਤਲ ਮਾਮਲੇ ’ਚ ਮੁੱਖ ਸ਼ੂਟਰ ਢੇਰ, ਪੁਲੀਸ ਮੁਲਾਜ਼ਮ ਵੀ ਜ਼ਖ਼ਮੀ
ਨਵੰਬਰ 15 ਨੂੰ ਵੱਡੇ RSS ਆਗੂ ਦੀਨਾ ਨਾਥ ਨੇਤਾ ਦੇ ਪੋਤਰੇ ਨਵੀਨ ਅਰੋੜਾ ਦਾ ਫਿਰੋਜ਼ਪੁਰ ਵਿਖੇ ਬਜ਼ਾਰ ਵਿੱਚ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਾਮਲੇ ਵਿੱਚ ਫਿਰੋਜ਼ਪੁਰ ਪੁਲੀਸ ਦਾ ਐਕਸ਼ਨ ਲਗਾਤਾਰ ਜਾਰੀ ਹੈ। ਹੁਣ ਫਾਜ਼ਿਲਕਾ ਵਿੱਚ ਮਾਮਲੇ ਦਾ ਮੁੱਖ ਸ਼ੂਟਰ ਬਾਦਲ ਪੁਲੀਸ ਐਨਕਾਊਂਟਰ ਦੌਰਾਨ ਮਾਰਿਆ ਗਿਆ ਹੈ।
ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਪੁਲੀਸ ਨੇ 15 ਨਵੰਬਰ ਨੂੰ ਨਵੀਨ ਅਰੋੜਾ ਕਤਲ ਕੇਸ ਨੂੰ ਸੁਲਝਾਉਂਦਿਆਂ ਚਾਰ ਮੁੱਖ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਅਤੇ ਕਾਬੂ ਕੀਤਾ ਹੈ, ਜਦੋਂਕਿ ਇੱਕ ਮੁਲਜ਼ਮ ਪੁਲੀਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ।
ਡੀਆਈਜੀ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਗਜ਼ਟਿਡ ਪੁਲੀਸ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ। ਤਕਨੀਕੀ ਅਤੇ ਮਨੁੱਖੀ ਖੁਫ਼ੀਆ ਜਾਣਕਾਰੀ ਦੀ ਮਦਦ ਨਾਲ ਪੁਲੀਸ ਨੇ ਮੁਲਜ਼ਮ ਹਰਸ਼, ਕੰਨਵ, ਗੁਰਸਿਮਰਨ ਸਿੰਘ ਉਰਫ ਜਤਿਨ ਉਰਫ ਕਾਲੀ ਅਤੇ ਮੁੱਖ ਮੁਲਜ਼ਮ ਬਾਦਲ ਨੂੰ ਗ੍ਰਿਫਤਾਰ ਕੀਤਾ।
ਡੀਆਈਜੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਬਾਦਲ ਨੇ ਮੰਨਿਆ ਕਿ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨਵੀਨ ਅਰੋੜਾ ਦਾ ਕਤਲ ਕੀਤਾ ਸੀ। ਉਸਨੇ ਦੱਸਿਆ ਕਿ ਉਸਦੇ ਦੋ ਸਾਥੀ (ਰਾਜੂ ਅਤੇ ਸੋਨੂੰ) ਉਸਨੂੰ ਰਾਜਸਥਾਨ ਲੈ ਕੇ ਜਾਣ ਲਈ ਸਵੇਰੇ 5 ਵਜੇ ਪਿੰਡ ਮਾਹਮੂਜੋਈਆ ਨੇੜੇ ਟੋਲ ਪਲਾਜ਼ਾ ਨੇੜੇ ਸ਼ਮਸ਼ਾਨ ਘਾਟ ਆਉਣ ਵਾਲੇ ਸਨ ਅਤੇ ਉਸਨੇ ਉੱਥੇ ਹਥਿਆਰ ਵੀ ਲੁਕਾਏ ਹੋਏ ਹਨ।
ਡੀਆਈਜੀ ਨੇ ਅੱਗੇ ਦੱਸਿਆ ਕਿ ਅੱਜ ਡੀਐੱਸਪੀ ਫਿਰੋਜ਼ਪੁਰ ਸ਼ਹਿਰੀ ਅਤੇ ਡੀਐੱਸਪੀ (ਡੀ) ਦੀ ਅਗਵਾਈ ਵਾਲੀ ਪੁਲੀਸ ਟੀਮ ਦੋਸ਼ੀ ਬਾਦਲ ਨੂੰ ਲੈ ਕੇ ਦੱਸੀ ਜਗ੍ਹ ’ਤੇ ਪਹੁੰਚੀ ਅਤੇ ਜਦੋਂ ਪੁਲੀਸ ਪਾਰਟੀ ਨੇ ਸ਼ਮਸ਼ਾਨ ਘਾਟ ਵਿੱਚ ਲੁਕੇ ਦੋ ਅਣਪਛਾਤੇ ਵਿਅਕਤੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਪੁਲੀਸ ਪਾਰਟੀ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਬਾਦਲ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ।
ਡੀਆਈਜੀ ਨੇ ਕਿਹਾ ਕਿ ਪੁਲੀਸ ਵੱਲੋਂ ਆਪਣੇ ਬਚਾਅ ਲਈ ਕੀਤੀ ਗਈ ਜਵਾਬੀ ਫਾਇਰਿੰਗ ਦੌਰਾਨ ਮੁਲਜ਼ਮ ਬਾਦਲ ਅਤੇ ਹੌਲਦਾਰ ਬਲੌਰ ਸਿੰਘ ਜ਼ਖਮੀ ਹੋ ਗਏ, ਜਦਕਿ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਦੀ ਬੁਲਟ ਪਰੂਫ ਜੈਕਟ ਵਿੱਚ ਗੋਲੀ ਲੱਗੀ।
ਮੁਲਜ਼ਮ ਰਾਜੂ ਅਤੇ ਸੋਨੂੰ ਧੁੰਦ ਅਤੇ ਹਨ੍ਹੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜ ਗਏ। ਜ਼ਖ਼ਮੀ ਬਾਦਲ ਅਤੇ ਹੌਲਦਾਰ ਬਲੌਰ ਸਿੰਘ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਬਾਦਲ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਮੌਕੇ ਤੋਂ ਭੱਜੇ ਮੁਲਜ਼ਮਾਂ ਦੇ ਹਥਿਆਰਾਂ ਵਿੱਚੋਂ ਇਕ ਪਿਸਤੌਲ 30 ਬੋਰ ਅਤੇ ਇੱਕ ਪਿਸਤੌਲ 32 ਬੋਰ ਬਰਾਮਦ ਹੋਏ ਹਨ। ਭੱਜੇ ਮੁਲਜ਼ਮਾਂ ਖਿਲਾਫ ਥਾਣਾ ਅਮੀਰ ਖਾਸ, ਜ਼ਿਲ੍ਹਾ ਫਾਜ਼ਿਲਕਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।
