ਮਹਾਤਮਾ ਗਾਂਧੀ ਨੇ ਆਰ ਐੱਸ ਐੱਸ ਨੂੰ ‘ਤਾਨਾਸ਼ਾਹ ਤੇ ਫ਼ਿਰਕੂ ਸੰਗਠਨ’ ਦੱਸਿਆ ਸੀ: ਕਾਂਗਰਸ
ਕਾਂਗਰਸ ਨੇ ਆਰ ਐੱਸ ਐੱਸ ਦੀ 100ਵੀਂ ਵਰ੍ਹੇਗੰਢ ਮੌਕੇ ਇਸ ’ਤੇ ਨਿਸ਼ਾਨਾ ਸੇਧਦਿਆਂ ਇੱਕ ਪੁਸਤਕ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਮਹਾਤਮਾ ਗਾਂਧੀ ਨੇ ਸੰਘ ਨੂੰ ‘ਤਾਨਾਸ਼ਾਹ ਨਜ਼ਰੀਏ ਵਾਲਾ ਸੰਗਠਨ’ ਦੱਸਿਆ ਸੀ। ਵਿਰੋਧੀ ਪਾਰਟੀ ਨੇ ਸੰਨ 1948 ਦੀ ਮੀਡੀਆ ਰਿਪੋਰਟ ਦਾ ਹਵਾਲਾ ਵੀ ਦਿੱਤਾ ਜਿਸ ’ਚ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਵੱਲੋਂ ਜੈਪੁਰ ਵਿੱਚ ਕਾਂਗਰਸ ਸੈਸ਼ਨ ਮੌਕੇ ਦਿੱਤਾ ਗਿਆ ਭਾਸ਼ਣ ਪ੍ਰਕਾਸ਼ਿਤ ਹੋਇਆ ਸੀ ਜਿਸ ’ਚ ਉਨ੍ਹਾਂ ਆਰ ਐੱਸ ਐੱਸ ਨੂੰ ਭੰਡਿਆ ਸੀ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ਉੱਤੇ ਆਖਿਆ ਕਿ ਪਿਆਰੇ ਲਾਲ, ਮਹਾਤਮਾ ਗਾਂਧੀ ਦੇ ਕਰੀਬੀਆਂ ’ਚੋਂ ਇੱਕ ਸਨ। ਉਹ ਲਗਪਗ ਤਿੰਨ ਦਹਾਕਿਆਂ ਤੱਕ ਗਾਂਧੀ ਦੇ ਨਿੱਜੀ ਸਟਾਫ਼ ਦਾ ਹਿੱਸਾ ਰਹੇ ਤੇ ਸੰਨ 1942 ਵਿੱਚ ਮਹਾਦੇਵ ਦੇਸਾਈ ਦੇ ਦੇਹਾਂਤ ਮਗਰੋਂ ਉਹ ਮਹਾਤਮਾ ਗਾਂਧੀ ਦੇ ਸਕੱਤਰ ਬਣੇ। ਉਨ੍ਹਾਂ ਕਿਹਾ,‘ਪਿਆਰੇ ਲਾਲ ਵੱਲੋਂ ਲਿਖੀਆਂ ਕਿਤਾਬਾਂ ਨੂੰ ਪ੍ਰਮਾਣਿਤ ਸੰਦਰਭ ਪੁਸਤਕਾਂ ਮੰਨਿਆ ਜਾਂਦਾ ਹੈ। ਸੰਨ 1956 ਵਿੱਚ ਉਨ੍ਹਾਂ ‘ਮਹਾਤਮਾ ਗਾਂਧੀ: ਦਿ ਲਾਸਟ ਫੇਜ਼...’ ਦਾ ਪਹਿਲਾ ਭਾਗ ਲਿਖਿਆ ਸੀ, ਜਿਸ ਨੂੰ ਅਹਿਮਦਾਬਾਦ ਦੇ ਨਵਜੀਵਨ ਪਬਲਿਸ਼ਿੰਗ ਹਾਊਸ ਨੇ ਛਾਪਿਆ ਸੀ।’ ਇਸ ਵਿੱਚ ਤਤਕਾਲੀ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਵੱਲੋਂ ਲੰਮੀ ਭੂਮਿਕਾ ਲਿਖੀ ਗਈ ਸੀ ਤੇ ਪਹਿਲੇ ਉਪ-ਰਾਸ਼ਟਰਪਤੀ ਡਾ. ਐੱਸ ਰਾਧਾਕ੍ਰਿਸ਼ਨਨ ਨੇ ਵੀ ਇਸ ਦੀ ਸ਼ਲਾਘਾ ਕੀਤੀ ਸੀ ਤੇ ਦੋ ਸਾਲਾਂ ਬਾਅਦ ਇਸ ਦਾ ਦੂਜਾ ਭਾਗ ਵੀ ਪ੍ਰਕਾਸ਼ਿਤ ਹੋਇਆ। ਸ੍ਰੀ ਰਮੇਸ਼ ਨੇ ਕਿਹਾ,‘ਦੂਜੇ ਭਾਗ ਦੇ ਪੰਨਾ ਨੰਬਰ 440 ਉੱਤੇ ਪਿਆਰੇ ਲਾਲ ਨੇ ਮਹਾਤਮਾ ਗਾਂਧੀ ਤੇ ਉਨ੍ਹਾਂ ਦੇ ਸਹਿਯੋਗੀ ਦੀ ਗੱਲਬਾਤ ਦਾ ਜ਼ਿਕਰ ਕੀਤਾ ਹੈ। ਇਸ ’ਚ ਰਾਸ਼ਟਰਪਿਤਾ ਨੇ ਆਰ ਐੱਸ ਐੱਸ ਨੂੰ ਤਾਨਾਸ਼ਾਹ ਨਜ਼ਰੀਏ ਵਾਲਾ ਫ਼ਿਰਕੂ ਸੰਗਠਨ ਦੱਸਿਆ ਸੀ। ਇਹ ਗੱਲਬਾਤ 12 ਸਤੰਬਰ 1947 ਨੂੰ ਹੋਈ ਸੀ। ਪੰਜ ਮਹੀਨਿਆਂ ਬਾਅਦ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਆਰ ਐੱਸ ਐੱਸ ਉੱਤੇ ਰੋਕ ਲਾ ਦਿੱਤੀ ਸੀ। ਉਨ੍ਹਾਂ ਇਸ ਪੁਸਤਕ ਦੇ ਉਸ ਪੈਰੇ ਦਾ ਸਕਰੀਨ ਸ਼ਾਰਟ ਵੀ ਸਾਂਝਾ ਕੀਤਾ, ਜਿਸ ’ਚ ਮਹਾਤਮਾ ਗਾਂਧੀ ਨੇ ਉਨ੍ਹਾਂ ਨੂੰ ‘ਤਾਨਾਸ਼ਾਹ ਨਜ਼ਰੀਏ ਵਾਲਾ ਫ਼ਿਰਕੂ ਸੰਗਠਨ’ ਦੱਸਿਆ ਸੀ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਵੱਲੋਂ ਬੀਤੇ ਦਿਨ ਰਾਸ਼ਟਰ ਨਿਰਮਾਣ ’ਚ ਆਰ ਐੱਸ ਐੱਸ ਦੀ ਸ਼ਲਾਘਾ ਕੀਤੇ ਜਾਣ ਮਗਰੋਂ ਕਾਂਗਰਸ ਨੇ ਅੱਜ ਉਨ੍ਹਾਂ ਨੂੰ ਯਾਦ ਕਰਵਾਇਆ ਕਿ ਸਰਦਾਰ ਪਟੇਲ ਨੇ ਆਖਿਆ ਸੀ ਕਿ ਸੰਘ ਦੀਆਂ ਗਤੀਵਿਧੀਆਂ ਕਾਰਨ ਅਜਿਹਾ ਮਾਹੌਲ ਪੈਦਾ ਹੋਇਆ ਸੀ, ਜਿਸ ਕਾਰਨ ਮਹਾਤਮਾ ਗਾਂਧੀ ਦੀ ਹੱਤਿਆ ਹੋਈ।