ਮਹਾਰਾਸ਼ਟਰ ਨਵਨਿਰਮਾਣ ਸੈਨਾ ਦੇ ਕਾਰਕੁਨਾਂ ਵੱਲੋਂ ਡਾਂਸ ਬਾਰ ’ਚ ਭੰਨ-ਤੋੜ
ਮਹਾਰਾਸ਼ਟਰ ਨਵਨਿਰਮਾਣ ਸੈਨਾ (ਐੱਮਐੱਨਐੱਸ) ਦੇ ਕਾਰਕੁਨਾਂ ਨੇ ਨਵੀ ਮੁੰਬਈ ਸਥਿਤ ਡਾਂਸ ਬਾਰ ਦੇ ਅਹਾਤੇ ਵਿਚ ਭੰਨਤੋੜ ਕੀਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਨਵੇਲ ਵਿਚ ਬੀਤੀ ਦੇਰ ਰਾਤ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਐੱਮਐੱਨਐੱਸ ਦੇ ਕੁਝ ਕਾਰਕੁਨ ਪਨਵੇਲ ਦੇ ਬਾਹਰੀ ਇਲਾਕੇ ਵਿਚ ‘ਨਾਈਟ ਰਾਈਡਰਜ਼ ਬਾਰ’ ਵਿਚ ਵੜ ਗਏ, ਜਿੱਥੇ ਉਨ੍ਹਾਂ ਫਰਨੀਚਰ ਦੀ ਭੰਨਤੋੜ ਕੀਤੀ, ਸ਼ਰਾਬ ਦੀਆਂ ਬੋਤਲਾਂ ਤੋੜ ਦਿੱਤੀਆਂ ਤੇ ਜਾਇਦਾਦ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ। ਸੋਸ਼ਲ ਮੀਡੀਆ ’ਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਟੁੱਟੇ ਮੇਜ਼, ਕੱਚ ਤੇ ਬਾਰ ਦੇ ਅੰਦਰੂਨੀ ਹਿੱਸੇ ਵਿਚ ਸਾਮਾਨ ਦੀ ਕੀਤੀ ਭੰਨਤੋੜ ਨਜ਼ਰ ਆ ਰਹੀ ਹੈ।
ਐੱਮਐੱਨਐੱਸ ਦੇ ਇਕ ਅਹੁਦੇਦਾਰ ਨੇ ਕਿਹਾ, ‘ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪਵਿੱਤਰ ਧਰਤੀ ’ਤੇ ਡਾਂਸ ਬਾਰ ਲਈ ਕੋਈ ਥਾਂ ਨਹੀਂ ਹੈ। ਅਸੀਂ ਪਨਵੇਲ ਜਾਂ ਸੂਬੇ ਵਿਚ ਕਿਤੇ ਵੀ ਅਜਿਹੀ ਅਸ਼ਲੀਲਤਾ ਨੂੰ ਵਧਣ-ਫੁੱਲਣ ਨਹੀਂ ਦੇਵਾਂਗੇ।’ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪਨਵੇਲ ਪੁਲੀਸ ਨੇ ਇਸ ਘਟਨਾ ਦਾ ਨੋਟਿਸ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ, ‘ਅਸੀਂ ਸੀਸੀਟੀਵੀ ਫੁਟੇਟ ਖੰਗਾਲ ਰਹੇ ਹਾਂ ਤੇ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਕੋਈ ਵੀ ਕਾਨੂੰਨ ਤੋਂ ਉਪਰ ਨਹੀਂ ਹੈ।’