ਮਹਾਰਾਸ਼ਟਰ: ਅਗਵਾ ਟਰੱਕ ਚਾਲਕ ਪੂਜਾ ਖੇੜਕਰ ਦੇ ਘਰ ’ਚੋਂ ਛੁਡਾਇਆ
ਨਵੀਂ ਮੁੰਬਈ ਵਿੱਚ ਰੋਡ ਰੇਜ਼ ਦੀ ਘਟਨਾ ਤੋਂ ਬਾਅਦ ਅਗਵਾ ਕੀਤੇ ਟਰੱਕ ਚਾਲਕ ਨੂੰ ਸਾਬਕਾ ਆਈ ਏ ਐੱਸ ਪ੍ਰੋਬੇਸ਼ਨਰ ਪੂਜਾ ਖੇੜਕਰ ਦੇ ਪੁਣੇ ਸਥਿਤ ਘਰ ਵਿੱਚੋਂ ਛੁਡਾਇਆ ਗਿਆ। ਇਹ ਜਾਣਕਾਰੀ ਅੱਜ ਪੁਲੀਸ ਨੇ ਦਿੱਤੀ। ਖੇੜਕਰ ’ਤੇ ਸਿਵਲ ਸੇਵਾਵਾਂ ਪ੍ਰੀਖਿਆ ਵਿੱਚ ਧੋਖਾਧੜੀ ਅਤੇ ਗ਼ਲਤ ਢੰਗ ਨਾਲ ਹੋਰ ਪੱਛੜੀਆਂ ਸ਼੍ਰੇਣੀਆਂ (ਓ ਬੀ ਸੀ) ਅਤੇ ਅੰਗਹੀਣ ਕੋਟੇ ਦਾ ਲਾਭ ਲੈਣ ਦਾ ਦੋਸ਼ ਲੱਗ ਚੁੱਕਾ ਹੈ।
ਪੁਲੀਸ ਮੁਤਾਬਕ ਅਗਵਾ ਦੀ ਇਹ ਘਟਨਾ ਨਵੀਂ ਮੁੰਬਈ ਵਿੱਚ ਮੁਲੰਡ-ਐਰੋਲੀ ਰੋਡ ’ਤੇ ਸ਼ਨਿਚਰਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ ਜਦੋਂ ਪ੍ਰਹਿਲਾਦ ਕੁਮਾਰ (22) ਆਪਣਾ ਕੰਕਰੀਟ ਮਿਕਸਰ ਟਰੱਕ ਚਲਾ ਰਿਹਾ ਸੀ। ਟਰੱਕ ਐੱਸ ਯੂ ਵੀ ਨੂੰ ਖਹਿੰਦਾ ਹੋਇਆ ਅੱਗੇ ਲੰਘ ਗਿਆ। ਇਸ ਮਗਰੋਂ ਪ੍ਰਹਿਲਾਦ ਅਤੇ ਐੱਸ ਯੂ ਵੀ ਸਵਾਰ ਦੋ ਵਿਅਕਤੀਆਂ ਵਿਚਾਲੇ ਬਹਿਸ ਹੋਈ। ਐੱਸ ਯੂ ਵੀ ਸਵਾਰਾਂ ਨੇ ਪ੍ਰਹਿਲਾਦ ਨੂੰ ਥਾਣੇ ਲਿਜਾਣ ਦੇ ਬਹਾਨੇ ਜਬਰੀ ਗੱਡੀ ਵਿੱਚ ਬਿਠਾ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।
ਟਰੱਕ ਦੇ ਮਾਲਕ ਦੀ ਸ਼ਿਕਾਇਤ ’ਤੇ ਐਤਵਾਰ ਨੂੰ ਦੋ ਅਣਪਛਾਤਿਆਂ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕੀਤਾ ਗਿਆ। ਪੁਲੀਸ ਨੇ ਬਾਅਦ ਵਿੱਚ ਪਤਾ ਲਗਾਇਆ ਕਿ ਐੱਸ ਯੂ ਵੀ ਪੁਣੇ ਦੀ ਹੈ। ਪੁਲੀਸ ਦੀ ਟੀਮ ਐਤਵਾਰ ਨੂੰ ਉੱਥੇ ਗਈ। ਪੁਲੀਸ ਅਧਿਕਾਰੀਆਂ ਨੇ ਦੱਸਿਆ, ‘‘ਜਿਸ ਬੰਗਲੇ ਵਿੱਚ ਟਰੱਕ ਚਾਲਕ ਨੂੰ ਲਿਜਾਇਆ ਗਿਆ ਸੀ ਉਹ ਪੂਜਾ ਖੇੜਕਰ ਦਾ ਸੀ।’’ ਉਨ੍ਹਾਂ ਦੱਸਿਆ ਕਿ ਸ਼ੁਰੂ ਵਿੱਚ ਖੇੜਕਰ ਦੀ ਮਾਂ ਨੇ ਪੁਲੀਸ ਨੂੰ ਘਰ ਦੇ ਅੰਦਰ ਦਾਖ਼ਲ ਹੋਣ ਤੋਂ ਰੋਕਿਆ ਅਤੇ ਉਨ੍ਹਾਂ ਨਾਲ ਬਹਿਸ ਕਰਨ ਲੱਗ ਗਈ। ਹਾਲਾਂਕਿ, ਬਾਅਦ ਵਿੱਚ ਪੁਲੀਸ ਪਾਰਟੀ ਕਿਸੇ ਤਰ੍ਹਾਂ ਘਰ ਦੇ ਅੰਦਰ ਦਾਖ਼ਲ ਹੋਈ ਅਤੇ ਉੱਥੋਂ ਉਨ੍ਹਾਂ ਪ੍ਰਹਿਲਾਦ ਨੂੰ ਛੁਡਾ ਕੇ ਵਾਪਸ ਨਵੀਂ ਮੁੰਬਈ ਲਿਆਂਦਾ।
ਖੇੜਕਰ ਦੀ ਮਾਂ ਨੂੰ ਪੁਲੀਸ ਕੋਲ ਪੇਸ਼ ਹੋਣ ਦਾ ਨੋਟਿਸ ਜਾਰੀ
ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲੀਸ ਨੇ ਖੇੜਕਰ ਦੀ ਮਾਂ ਨੂੰ ਪੁੱਛ-ਪੜਤਾਲ ਲਈ ਪੁਲੀਸ ਥਾਣੇ ਪੇਸ਼ ਹੋਣ ਦਾ ਨੋਟਿਸ ਜਾਰੀ ਕੀਤਾ ਹੈ। ਅੱਗੇ ਅਗਵਾਕਾਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਮਕਸਦ ਜਾਣਨ ਲਈ ਮਾਮਲੇ ਦੀ ਜਾਂਚ ਜਾਰੀ ਹੈ।