ਮਹਾਰਾਸ਼ਟਰ: ਡਾਕਟਰ ਨੂੰ ਅੱਠ ਦਿਨ ‘ਡਿਜੀਟਲ ਹਿਰਾਸਤ’ ’ਚ ਰੱਖ ਕੇ 3 ਕਰੋੜ ਠੱਗੇ
ਮੁੰਬਈ, 28 ਜੂਨ
ਸਾਈਬਰ ਅਪਰਾਧੀਆਂ ਨੇ ਮਨੀ ਲਾਂਡਰਿੰਗ ਮਾਮਲੇ ’ਚ ਸ਼ਮੂਲੀਅਤ ਦਾ ਦੋਸ਼ ਲਾਉਂਦਿਆਂ 70 ਵਰ੍ਹਿਆਂ ਦੀ ਡਾਕਟਰ ਨੂੰ ਅੱਠ ਦਿਨਾਂ ਤੱਕ ‘ਡਿਜੀਟਲ ਹਿਰਾਸਤ’ ਵਿੱਚ ਰੱਖ ਕੇ ਉਸ ਕੋਲੋਂ ਤਿੰਨ ਕਰੋੜ ਰੁਪਏ ਠੱਗ ਲਏ। ਮੁੰਬਈ ਪੁਲੀਸ ਦੇ ਅਧਿਕਾਰੀ ਨੇ ਦੱਸਿਆ ਕਿ ਮਈ ਮਹੀਨੇ ਪੀੜਤਾ ਨੂੰ ਕਿਸੇ ਨੇ ਫੋਨ ਕਰਕੇ ਆਪਣੀ ਪਛਾਣ ਟੈਲੀਕਾਮ ਵਿਭਾਗ ਦੇ ਮੁਲਾਜ਼ਮ ਅਮਿਤ ਕੁਮਾਰ ਵਜੋਂ ਦੱਸੀ, ਜਿਸ ਨੇ ਉਸ ਨੂੰ ਅਪਰਾਧਕ ਸਰਗਰਮੀਆਂ ’ਚ ਵਰਤੋਂ ਲਈ ਉਸ ਦੀ ਜਾਣਕਾਰੀ ਨਾਲ ਸਿਮ ਕਾਰਡ ਖਰੀਦੇ ਜਾਣ ਦੀ ਗੱਲ ਆਖੀ। ਅਧਿਕਾਰੀ ਮੁਤਾਬਕ ਇਸ ਮਗਰੋਂ ਇੱਕ ਹੋਰ ਵਿਅਕਤੀ ਨੇ ਫੋਨ ਕਰਕੇ ਖ਼ੁਦ ਨੂੰ ਅਪਰਾਧ ਸ਼ਾਖਾ ਦਾ ਅਧਿਕਾਰੀ ਐੱਸ. ਪਵਾਰ ਦੱਸਦਿਆਂ ਪੀੜਤਾ ਨੂੰ ਕਿਹਾ ਕਿ ਏਅਰਲਾਈਨ ਕੰਪਨੀ ਦੇ ਮਾਲਕ ਦੇ ਘਰ ਛਾਪੇ ਦੌਰਾਨ ਉਸ (ਡਾਕਟਰ) ਦੇ ਬੈਂਕ ਖਾਤੇ ਦੇ ਡੈਬਿਟ ਕਾਰਡ ਦੇ ਵੇਰਵੇ ਮਿਲੇ ਹਨ, ਜਿਸ ਨੂੰ ਮਨੀ ਲਾਂਡਰਿੰਗ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮੁਲਜ਼ਮਾਂ ਨੇ ਪੀੜਤਾ ਨੂੰ ਸੀਬੀਆਈ, ਈਡੀ ਵਰਗੀਆਂ ਜਾਂਚ ਏਜੰਸੀਆਂ ਤੇ ਆਰਬੀਆਈ ਦੇ ਨਾਮ ’ਤੇ ਕਈ ਦਸਤਾਵੇਜ਼ ਭੇਜੇ। ਇੱਕ ਵਿਅਕਤੀ ਨੇ ਪੁਲੀਸ ਦੀ ਵਰਦੀ ’ਚ ਉਸ ਨਾਲ ਗੱਲ ਕੀਤੀ, ਜਿਸ ਮਗਰੋਂ ਉਸ ਨੂੰ ਅੱਠ ਦਿਨ ਲਈ ਡਿਜੀਟਲ ਹਿਰਾਸਤ ’ਚ ਰੱਖਿਆ ਗਿਆ। ਇਸ ਸਮੇਂ ਦੌਰਾਨ ਡਰ ਕਾਰਨ ਪੀੜਤਾ ਨੇ ਠੱਗਾਂ ਵੱਲੋਂ ਭੇਜੇ ਬੈਂਕ ਖਾਤਿਆਂ ’ਚ ਤਿੰਨ ਕਰੋੜ ਰੁਪਏ ਟਰਾਂਸਫਰ ਕਰ ਦਿੱਤੇ।
ਅਧਿਕਾਰੀ ਨੇ ਦੱਸਿਆ ਕਿ ਪੀੜਤਾ ਨੇ 5 ਜੂਨ ਨੂੰ ਵੈਸਟ ਰੀਜਨ ਸਾਈਬਰ ਥਾਣੇ ਨਾਲ ਸੰਪਰਕ ਕੀਤਾ, ਜਿਸ ਮਗਰੋਂ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਾਂਚ ’ਚ ਪਤਾ ਲੱਗਾ ਕਿ ਮੁਲਜ਼ਮਾਂ ਨੇ 82 ਲੱਖ ਰੁਪਏ ਕ੍ਰਿਪਟੋਕਰੰਸੀ ’ਚ ਬਦਲੇ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। -ਪੀਟੀਆਈ