ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏਡੀਜੀਪੀ ਖੁਦਕੁਸ਼ੀ ਮਾਮਲੇ ’ਚ ਮਹਾਪੰਚਾਇਤ: ਡੀਜੀਪੀ ਨੂੰ ਗ੍ਰਿਫ਼ਤਾਰ ਕਰਨ ਦਾ ਅਲਟੀਮੇਟਮ

ਕਾਰਵਾਈ ਨਾ ਹੋਣ ’ਤੇ ਸੰਘਰਸ਼ ਮਘਾਉਣ ਦੀ ਚਿਤਾਵਨੀ
ਮਹਾਪੰਚਾਇਤ ਨੂੰ ਸੰਬੋਧਨ ਕਰਦਾ ਹੋਇਆ ਆਗੂ। -ਫੋਟੋ: ਵਿੱਕੀ ਘਾਰੂ
Advertisement

ਹਰਿਆਣਾ ਦੇ ਸੀਨੀਅਰ ਆਈ ਪੀ ਐੱਸ ਅਧਿਕਾਰੀ ਵਾਈ ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਨੁਸੂਚਿਤ ਜਾਤੀਆਂ ਅਤੇ ਸਮਾਜ ਦੇ ਵੱਖ ਵੱਖ ਵਰਗ ਨਾਲ ਸਬੰਧਤ ਜਥੇਬੰਦੀਆਂ ਦੇ ਆਗੂਆਂ ਵੱਲੋਂ ਬਣਾਏ ਸ਼ਹੀਦ ਵਾਈ ਪੂਰਨ ਕੁਮਾਰ ਇਨਸਾਫ਼ ਸੰਘਰਸ਼ ਮੋਰਚਾ ਨੇ ਅੱਜ ਚੰਡੀਗੜ੍ਹ ਦੇ ਸੈਕਟਰ-20 ਸਥਿਤ ਰਵਿਦਾਸ ਭਵਨ ਵਿਚ ਮਹਾਪੰਚਾਇਤ ਕੀਤੀ। ਇਸ ਦੌਰਾਨ ਚੰਡੀਗੜ੍ਹ, ਹਰਿਆਣਾ ਅਤੇ ਪੰਜਾਬ ਤੋਂ ਵੱਖ-ਵੱਖ ਜਥੇਬੰਦੀਆਂ ਦੇ ਹਜ਼ਾਰਾਂ ਲੋਕ ਪਹੁੰਚੇ, ਜਿਨ੍ਹਾਂ ਹਰਿਆਣਾ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਾਈ ਪੂਰਨ ਕੁਮਾਰ ਦੀ ਮੌਤ ਦੇ ਮਾਮਲੇ ਵਿੱਚ ਸਹੀ ਕਾਰਵਾਈ ਨਾ ਕੀਤੇ ਜਾਣ ਦੀ ਨਿਖੇਧੀ ਕੀਤੀ। ਅੱਜ ਛੇਵੇਂ ਦਿਨ ਵੀ ਵਾਈ ਪੂਰਨ ਕੁਮਾਰ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਹੋ ਸਕਿਆ ਹੈ।

ਮਹਾਪੰਚਾਇਤ ਦੇ ਆਗੂਆਂ ਨੇ ਹਰਿਆਣਾ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇ 48 ਘੰਟਿਆਂ ਅੰਦਰ ਡੀ ਜੀ ਪੀ ਸ਼ਤਰੂਜੀਤ ਕਪੂਰ ਨੂੰ ਅਹੁਦੇ ਤੋਂ ਹਟਾ ਕੇ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਕਤ ਮਾਮਲੇ ਦੀ ਜਾਂਚ ਆਈ ਜੀ ਪੱਧਰ ਦੇ ਅਧਿਕਾਰੀ ਤੋਂ ਕਰਵਾਉਣ ਦੀ ਥਾਂ ਹਾਈ ਕੋਰਟ ਦੇ ਜੱਜ ਦੀ ਅਗਵਾਈ ਹੇਠ ਕਰਵਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਵਾਈ ਪੂਰਨ ਕੁਮਾਰ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ ’ਤੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਤੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ। ਮਹਾਪੰਚਾਇਤ ਦੀ 31 ਮੈਂਬਰੀ ਕਮੇਟੀ ਨੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਨਾਂ ਮੰਗ ਪੱਤਰ ਭੇਜਿਆ ਹੈ।

Advertisement

ਇਸ ਮੌਕੇ ਮੋਰਚੇ ਦੇ ਆਗੂ ਚੌਧਰੀ ਲਹਿਰੀ ਸਿੰਘ, ਰਾਜੇਸ਼ ਕਾਲੀਆ, ਪ੍ਰੋ. ਜੈ ਨਾਰਾਇਣ, ਰੇਸ਼ਮ ਸਿੰਘ, ਸੁਰੇਸ਼ ਬੈਨੀਵਾਲ, ਸੁਰਿੰਦਰ ਸਿੰਘ, ਸਮਦੇਸ਼ ਵੈਦ, ਗੌਤਮ ਭੋਰੀਆ, ਗੁਰਮੇਲ ਸਿੰਘ, ਡਾ. ਰੀਤੂ, ਸੁਭਾਸ਼ ਕੁੰਡੂ ਸਣੇ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਜਾਣ-ਬੁਝ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸੇ ਲਈ ਵਾਈ ਪੂਰਨ ਕੁਮਾਰ ਵੱਲੋਂ ਖੁਦਕੁਸ਼ੀ ਪੱਤਰ ਵਿੱਚ ਲਿਖੇ ਕੇ ਗਏ ਨਾਵਾਂ ਦੇ ਆਧਾਰ ’ਤੇ ਕੇਸ ਦਰਜ ਨਹੀਂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਰਿਆਣਾ ਸਰਕਾਰ ਵੱਲੋਂ ਐੱਸ ਪੀ ਰੋਹਤਕ ਨਰੇਂਦਰ ਬਿਜਰਾਨੀਆ ਦਾ ਸਿਰਫ਼ ਤਬਾਦਲਾ ਕਰਕੇ ਸਾਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਹਰਿਆਣਾ ਦੇ ਡੀ ਜੀ ਪੀ ਸ਼ਤਰੂਜੀਤ ਕਪੂਰ ਅਤੇ ਰੋਹਤਕ ਦੇ ਤਤਕਾਲੀ ਐੱਸ ਪੀ ਨਰੇਂਦਰ ਬਿਜਰਾਨੀਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਉੱਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਦੇ ਨਾਲ ਹੀ ਚੰਡੀਗੜ੍ਹ ਦੀ ਸਫ਼ਾਈ ਕਰਮਚਾਰੀ ਯੂਨੀਅਨ ਨੇ ਕਿਹਾ ਕਿ ਜੇ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਵੱਲੋਂ ਚੰਡੀਗੜ੍ਹ ਵਿੱਚ ਸਫਾਈ ਕਾਰਜ ਠੱਪ ਕੀਤੇ ਜਾਣਗੇ।

 

ਕੇਸ ਵਿੱਚ ਐੱਸਸੀ/ਐੱਸਟੀ ਐਕਟ ਦੀ ਧਾਰਾ ਜੋੜੀ

ਚੰਡੀਗੜ੍ਹ ਪੁਲੀਸ ਨੇ ਏ ਡੀ ਜੀ ਪੀ ਖੁਦਕੁਸ਼ੀ ਮਾਮਲੇ ਵਿੱਚ ਦਰਜ ਕੀਤੀ ਗਈ ਐੱਫ ਆਈ ਆਰ ਵਿੱਚ ਐੱਸਸੀ/ਐੱਸਟੀ ਐਕਟ ਦੀ ਧਾਰਾ 3 (2) (ਪੰਜ) ਸ਼ਾਮਲ ਕੀਤੀ ਹੈ। ਇਸ ਵਿੱਚ ਦੋਸ਼ੀ ਨੂੰ ਉਮਰਕੈਦ ਤੱਕ ਦੀ ਸਜ਼ਾ ਕੀਤੀ ਜਾ ਸਕਦੀ ਹੈ, ਜਦਕਿ ਪਹਿਲਾਂ ਵਾਲੀ ਧਾਰਾ ਵਿੱਚ ਸਿਰਫ਼ 5 ਸਾਲ ਤੱਕ ਦੀ ਸਜ਼ਾ ਹੀ ਕੀਤੀ ਜਾ ਸਕਦੀ ਸੀ। ਦੂਜੇ ਪਾਸੇ ਹਰਿਆਣਾ ਦੇ ਰਾਜਪਾਲ ਅਸ਼ੀਮ ਕੁਮਾਰ ਘੋਸ਼ ਨੇ ਵਾਈ ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੋਸਟਮਾਰਟਮ ਕਰਵਾਉਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਪਰਿਵਾਰ ਨੇ ਸਹਿਮਤੀ ਨਹੀਂ ਦਿੱਤੀ।

 

ਗ੍ਰਿਫ਼ਤਾਰੀ ਤੋਂ ਪਹਿਲਾਂ ਤੱਥਾਂ ਦੀ ਜਾਂਚ ਜ਼ਰੂਰੀ: ਕਟਾਰੀਆ

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਏ ਡੀ ਜੀ ਪੀ ਖੁਦਕੁਸ਼ੀ ਮਾਮਲੇ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ੍ਰੀ ਕਟਾਰੀਆ ਨੇ ਕਿਹਾ ਕਿ ਆਈ ਪੀ ਐੱਸ ਵਾਈ ਪੂਰਨ ਕੁਮਾਰ ਨੇ ਖੁਦਕੁਸ਼ੀ ਪੱਤਰ ਵਿੱਚ 13-14 ਅਧਿਕਾਰੀਆਂ ਦੇ ਨਾਮ ਲਿਖੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਫੌਰੀ ਕਾਰਵਾਈ ਕਰਦਿਆਂ ਐੱਸ ਪੀ ਰੋਹਤਕ ਦਾ ਤਬਾਦਲਾ ਕਰ ਦਿੱਤਾ ਹੈ, ਜਦਕਿ ਪਰਿਵਾਰ ਵੱਲੋਂ ਡੀ ਜੀ ਪੀ ਸ਼ਤਰੂਜੀਤ ਕਪੂਰ ਨੂੰ ਹਟਾ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਰਾਜਪਾਲ ਨੇ ਕਿਹਾ ਕਿ ਡੀ ਜੀ ਪੀ ਪੱਧਰ ਦੇ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸਾਰੇ ਤੱਥਾਂ ਦੀ ਜਾਂਚ ਕਰਨਾ ਜ਼ਰੂਰੀ ਹੈ। ਚੰਡੀਗੜ੍ਹ ਪੁਲੀਸ ਵੱਲੋਂ ਬਣਾਈ 6 ਮੈਂਬਰੀ ਕਮੇਟੀ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

ਖੜਗੇ ਨੇ ਮਰਹੂਮ ਆਈ ਪੀ ਐੱਸ ਅਫ਼ਸਰ ਦੀ ਪਤਨੀ ਨੂੰ ਪੱਤਰ ਲਿਖਿਆ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਖੁਦਕੁਸ਼ੀ ਕਰਨ ਵਾਲੇ ਆਈ ਪੀ ਐੱਸ ਅਫ਼ਸਰ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਉਨ੍ਹਾਂ ਦੀ ਲੜਾਈ ’ਚ ਆਪਣੀ ਹਮਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਇਸ ਅਧਿਕਾਰੀ ਨੇ ਸਮਾਜਿਕ ਬੁਰਾਈਆਂ ਅਤੇ ਨਾਬਰਾਬਰੀ ਨਾਲ ਜੂਝਦਿਆਂ ਆਪਣੀ ਜਾਨ ਦਿੱਤੀ ਹੈ। ਅਮਨੀਤ ਪੀ ਕੁਮਾਰ ਨੂੰ ਲਿਖੇ ਪੱਤਰ ’ਚ ਖੜਗੇ ਨੇ ਇਹ ਵੀ ਕਿਹਾ, ‘‘ਇਹ ਸ਼ਰਮਨਾਕ ਹੈ ਕਿ ਅਸੀਂ ਸੰਵਿਧਾਨ ਵੱਲੋਂ ਲੋਕਾਂ ਦੇ ਦੁੱਖ, ਸੰਕਟ ਅਤੇ ਦਰਦ ਨੂੰ ਘੱਟ ਕਰਨ ਲਈ ਸੌਂਪੀ ਗਈ ਜ਼ਿੰਮੇਵਾਰੀ ਨਿਭਾਉਣ ’ਚ ਨਾਕਾਮ ਰਹੇ ਹਾਂ।’’ -ਪੀਟੀਆਈ

 

ਸਿੱਟ ਨੇ ਪਰਿਵਾਰ ਨੂੰ ਲਾਸ਼ ਦੀ ਸ਼ਨਾਖਤ ਲਈ ਕਿਹਾ

ਏ ਡੀ ਜੀ ਪੀ ਖੁਦਕੁਸ਼ੀ ਮਾਮਲੇ ’ਚ ਚੰਡੀਗੜ੍ਹ ਪੁਲੀਸ ਵੱਲੋਂ ਬਣਾਈ ਸਿੱਟ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸਿੱਟ ਨੇ ਪੀੜਤ ਪਰਿਵਾਰ ਨੂੰ ਪੱਤਰ ਲਿੱਖ ਕੇ ਲਾਸ਼ ਦੀ ਸ਼ਨਾਖਤ ਕਰਨ ਦੀ ਬੇਨਤੀ ਕੀਤੀ ਹੈ। ਉੱਧਰ ਚੰਡੀਗੜ੍ਹ ਪੁਲੀਸ ਮਾਮਲੇ ਦੀ ਜਾਂਚ ਲਈ ਰੋਹਤਕ ਪਹੁੰਚ ਗਈ ਹੈ। ਸਿੱਟ ਨੇ ਮਾਮਲੇ ਦੀ ਜਾਂਚ ਲਈ ਹਰਿਆਣਾ ਸਰਕਾਰ ਨੂੰ ਪੱਤਰ ਲਿੱਖ ਕੇ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।

Advertisement
Show comments