ਮੱਧ ਪ੍ਰਦੇਸ਼: ਕਿਡਨੀ ਦੀ ਸਮੱਸਿਆ ਕਾਰਨ ਦੋ ਬੱਚਿਆਂ ਦੀ ਮੌਤ
ਆਮਲਾ ਬਲਾਕ ਮੈਡੀਕਲ ਅਫਸਰ ਡਾ. ਅਸ਼ੋਕ ਨਰਵਾਰੇ ਨੇ ਕਿਹਾ ਕਿ ਦੋਵਾਂ ਬੱਚਿਆਂ ਦੀ ਪਛਾਣ ਕਬੀਰ (ਚਾਰ) ਪੁੱਤਰ ਕਮਲੇਸ਼ ਵਾਸੀ ਪਿੰਡ ਕਲਮੇਸ਼ਵਰ ਅਤੇ ਗਰਮਿਤ (ਢਾਈ ਸਾਲ) ਪੁੱਤਰ ਨਿਖਲੇਸ਼ ਵਾਸੀ ਪਿੰਡ ਜਾਮੁਨ ਬਿਛੂਆ ਵਜੋਂ ਹੋਈ ਹੈ। ਉਨ੍ਹਾਂ ਦੱਸਿਆ, ‘‘ਉਨ੍ਹਾਂ ਨੂੰ ਬੁਖ਼ਾਰ ਦੇ ਇਲਾਜ ਲਈ ਗੁਆਂਢੀ ਛਿੰਦਵਾੜਾ ਜ਼ਿਲ੍ਹੇ ਦੇ ਪਰਾਸੀਆ ਲਿਜਾਇਆ ਗਿਆ ਸੀ ਜਿੱਥੇ ਉਨ੍ਹਾਂ ਦੀ ਹਾਲਤ ਵਿਗੜ ਗਈ।’’ ਡਾ. ਨਰਵਾਰੇ ਨੇ ਕਿਹਾ, ‘‘ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਮੌਤਾਂ ਖੰਘ ਦੀ ਦਵਾਈ ਕਾਰਨ ਹੋਈਆਂ ਸਨ ਜਾਂ ਨਹੀਂ। ਮੈਨੂੰ ਵਿਸਤ੍ਰਿਤ ਜਾਂਚ ਕਰ ਕੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ।’’ ਉਨ੍ਹਾਂ ਕਿਹਾ ਕਿ ‘‘ਦੋਵਾਂ ਬੱਚਿਆਂ ਵਿੱਚ ਕਿਡਨੀ ਦੀ ਸਮੱਸਿਆ ਤੇ ਪੇਟ ਵਿੱਚ ਸੋਜ਼ਿਸ ਵਰਗੇ ਲੱਛਣ ਦਿਖਾਈ ਦਿੱਤੇ ਅਤੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਬੈਤੂਲ ਤੋਂ ਭੋਪਾਲ ਰੈਫਰ ਕੀਤਾ ਗਿਆ। ਕੋਈ ਪੋਸਟਮਾਰਟਮ ਨਹੀਂ ਕੀਤਾ ਗਿਆ, ਪਰ ਕਿਡਨੀ ਦੀ ਗੰਭੀਰ ਸਮੱਸਿਆ ਦੀ ਰਿਪੋਰਟ ਚੀਫ ਮੈਡੀਕਲ ਤੇ ਸਿਹਤ ਅਫਸਰ (ਸੀ ਐੱਮ ਐਂਡ ਐੱਚ ਓ) ਨੂੰ ਭੇਜੀ ਗਈ ਹੈ।’’ ਆਮਲਾ ਛਿੰਦਵਾੜਾ ਦੇ ਪਰਾਸੀਆ ਸਬ-ਡਵੀਜ਼ਨ ਤੋਂ ਲਗਪਗ 150 ਕਿਲੋਮੀਟਰ ਦੂਰ ਹੈ ਜਿੱਥੇ ਕਥਿਤ ਜ਼ਹਿਰੀਲੀ ਖੰਘ ਦੀ ਦਵਾਈ ਪੀਣ ਕਾਰਨ 11 ਬੱਚਿਆਂ ਦੀ ਮੌਤ ਹੋਈ ਹੈ।