ਮੱਧ ਪ੍ਰਦੇਸ਼: ਕਾਂਗਰਸੀ ਵਿਧਾਇਕਾਂ ਨੇ ਸਰਕਾਰ ਅੱਗੇ ਵਜਾਈ ਬੀਨ
ਮੱਧ ਪ੍ਰਦੇਸ਼ ਵਿੱਚ ਮੁੱਖ ਵਿਰੋਧੀ ਧਿਰ ਕਾਂਗਰਸ ਨੇ ਅੱਜ ਮੌਨਸੂਨ ਸੈਸ਼ਨ ਦੇ ਦੂਜੇ ਦਿਨ ਵਿਧਾਨ ਸਭਾ ਕੰਪਲੈਕਸ ਵਿੱਚ ਬੀਨ ਵਜਾ ਕੇ ਪ੍ਰਦਰਸ਼ਨ ਕੀਤਾ ਅਤੇ ਸਰਕਾਰ ’ਤੇ ਲੋਕਹਿੱਤਾਂ ਨਾਲ ਜੁੜੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ। ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਆਗੂਆਂ ਨੇ ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘਾਰ ਦੀ ਅਗਵਾਈ ਹੇਠ ਪ੍ਰਦਰਸ਼ਨ ਕੀਤਾ ਅਤੇ ਇਸ ਦੌਰਾਨ ਉਨ੍ਹਾਂ ਨੇ ਬੀਨ ਵਜਾਈ। ਇਸ ਬਾਰੇ ਪੁੱਛੇ ਜਾਣ ’ਤੇ ਸਿੰਘਾਰ ਨੇ ਕਿਹਾ ਕਿ ‘ਮੱਝ ਅੱਗੇ ਬੀਨ ਵਜਾਉਣ’ ਸਬੰਧੀ ਕਾਂਗਰਸ ਦਾ ਇਹ ਸੰਕੇਤਕ ਪ੍ਰਦਰਸ਼ਨ ਹੈ। ਉਨ੍ਹਾਂ ਕਿਹਾ, ‘‘ਇਹ ਪ੍ਰਦਰਸ਼ਨ ਭਾਜਪਾ ਸਰਕਾਰ ਦੀ ਸੰਵੇਦਨਹੀਣਤਾ ਅਤੇ ਮੁੱਦਿਆਂ ’ਤੇ ਚੁੱਪ ਵਿਰੁੱਧ ਕੀਤਾ ਗਿਆ। ਸੂਬੇ ਵਿੱਚ ਭਾਜਪਾ ਸਰਕਾਰ ਹੁਣ ਮੱਝ ਵਾਂਗ ਸੰਵੇਦਨਹੀਣ ਹੋ ਗਈ ਹੈ। ਭਾਵੇਂ ਕਿੰਨੇ ਵੱਡੇ ਤੇ ਲੋਕਾਂ ਨਾਲ ਜੁੜੇ ਮੁੱਦੇ ਚੁੱਕੇ ਜਾਣ, ਸਰਕਾਰ ਉਨ੍ਹਾਂ ਨੂੰ ਸੁਣਨ ਤੇ ਸਮਝਣ ਲਈ ਤਿਆਰ ਨਹੀਂ ਹੁੰਦੀ।’’ ਸਿੰਘਾਰ ਨੇ ਦੋਸ਼ ਲਾਇਆ ਕਿ ਸੂਬੇ ਦੀ ਭਾਜਪਾ ਸਰਕਾਰ ਮੱਝ ਵਾਂਗ ‘ਨਿਢਾਲ’ ਹੋ ਗਈ ਹੈ ਅਤੇ ਇਸਨੂੰ ਨਾ ਤਾਂ ਨੌਜਵਾਨਾਂ ਦੇ ਰੁਜ਼ਗਾਰ ਦੀ ਚਿੰਤਾ ਹੈ ਅਤੇ ਨਾ ਹੀ ਕਿਸਾਨਾਂ ਦਾ ਫ਼ਿਕਰ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ, ‘‘ਲੋਕ ਮਹਿੰਗਾਈ ਨਾਲ ਜੂਝ ਰਹੇ ਹਨ, ਨੌਜਵਾਨ ਰੁਜ਼ਗਾਰ ਲਈ ਦਰ-ਦਰ ਭਟਕ ਰਹੇ ਹਨ, ਕਿਸਾਨ ਆਪਣੇ ਹੱਕ ਲਈ ਅੰਦੋਲਨ ਕਰ ਰਹੇ ਹਨ, ਓਬੀਸੀ ਨੂੰ ਅਜੇ ਤੱਕ 27 ਫ਼ੀਸਦ ਰਾਖਵਾਂਕਰਨ ਨਹੀਂ ਮਿਲਿਆ, ‘ਲਾਡਲੀ’ ਭੈਣਾਂ ਨੂੰ 3,000 ਰੁਪਏ ਦੇਣ ਦਾ ਵਾਅਦਾ ਅਧੂਰਾ ਹੈ, ਪਰ ਸਰਕਾਰ ਨੇ ਅੱਖਾਂ ਬੰਦ ਕਰ ਰੱਖੀਆਂ ਹਨ। ਨਾ ਸੁਣਦੀ ਹੈ, ਨਾ ਬੋਲਦੀ ਹੈ, ਨਾ ਹੀ ਸਮੱਸਿਆ ਦਾ ਹੱਲ ਕੱਢਦੀ ਹੈ।’’ ਕਾਂਗਰਸ ਨੇਤਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਰਕਾਰ ਲੋਕਹਿੱਤ ਨਾਲ ਜੁੜੇ ਇਨ੍ਹਾਂ ਸਵਾਲਾਂ ਦੇ ਜਵਾਬ ਨਹੀਂ ਦੇਣਾ ਚਾਹੁੰਦੀ ਤਾਂ ਉਹ ਲੋਕਤੰਤਰ ਨਾਲ ‘ਭੱਦਾ ਮਜ਼ਾਕ’ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਦਲ ਭਾਜਪਾ ਸਰਕਾਰ ਦੀ ਇਸ ਚੁੱਪੀ ਖ਼ਿਲਾਫ਼ ਸੜਕ ਤੋਂ ਸਦਨ ਤੱਕ ਸੰਘਰਸ਼ ਜਾਰੀ ਰੱਖੇਗਾ।
ਸੁੱਤੀ ਸਰਕਾਰ ਨੂੰ ਜਗਾਉਣ ਲਈ ਬੀਨ ਵਜਾਈ: ਕਾਂਗਰਸ
ਸਾਬਕਾ ਖੇਤੀਬਾੜੀ ਮੰਤਰੀ ਅਤੇ ਕਾਂਗਰਸ ਵਿਧਾਇਕ ਸਚਿਨ ਯਾਦਵ ਨੇ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ‘ਸੁੱਤੀ ਹੋਈ ਸਰਕਾਰ’ ਨੂੰ ਜਗਾਉਣ ਲਈ ਬੀਨ ਵਜਾਈ ਹੈ।