ਲਗਜ਼ਰੀ ਕਾਰਾਂ ਦੀ ਤਸਕਰੀ: ਈਡੀ ਵੱਲੋਂ ਕੇਰਲਾ ਤੇ ਤਾਮਿਲ ਨਾਡੂ ਵਿਚ ਨਾਮੀ ਅਦਾਕਾਰਾਂ ਤੇ ਏਜੰਟਾਂ ਦੇ ਟਿਕਾਣਿਆਂ ’ਤੇ ਛਾਪੇ
luxury cars smuggling case ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੁੱਧਵਾਰ ਨੂੰ ਭੂਟਾਨ ਤੋਂ ਭਾਰਤ ਵਿੱਚ ਲਗਜ਼ਰੀ ਵਾਹਨਾਂ ਦੀ ਕਥਿਤ ਤਸਕਰੀ ਨਾਲ ਸਬੰਧਤ ਕਸਟਮ ਮਾਮਲੇ ਦੀ ਜਾਂਚ ਦੀ ਕੜੀ ਵਜੋਂ ਕੇਰਲਾ ਵਿੱਚ ਅਦਾਕਾਰ ਪ੍ਰਿਥਵੀਰਾਜ, ਦੁਲਕਰ ਸਲਮਾਨ ਅਤੇ Amit Chakkalackal ਅਤੇ ਕੁਝ ਹੋਰਨਾਂ ਨਾਲ ਜੁੜੇ ਟਿਕਾਣਿਆਂ 'ਤੇ ਛਾਪੇ ਮਾਰੇ ਹਨ। ਈਡੀ ਦੀਆਂ ਟੀਮਾਂ ਨੇ ਤਾਮਿਲ ਨਾਡੂ ਵਿਚ ਵੀ ਕੁਝ ਥਾਵਾਂ ਦੀ ਤਲਾਸ਼ੀ ਲਈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਈਡੀ ਵੱਲੋਂ ਮਾਰੇ ਛਾਪਿਆਂ ਵਿੱਚ ਏਰਨਾਕੁਲਮ, ਤ੍ਰਿਸੂਰ, ਕੋਜੀਕੋਡ, ਮੱਲਾਪੁਰਮ, ਕੋਟਿਆਮ ਅਤੇ ਕੋਇੰਬਟੂਰ ਦੇ ਕੁਝ ਵਾਹਨ ਮਾਲਕਾਂ, ਆਟੋ ਵਰਕਸ਼ਾਪਾਂ ਅਤੇ ਵਪਾਰੀਆਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਕੁੱਲ 17 ਅਹਾਤਿਆਂ ਨੂੰ ਕਵਰ ਕੀਤਾ ਜਾ ਰਿਹਾ ਹੈ।
ਇਹ ਕਾਰਵਾਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) ਤਹਿਤ ਕਸਟਮ ਵਿਭਾਗ ਵੱਲੋਂ ਹਾਲ ਹੀ ਵਿੱਚ ਸਾਹਮਣੇ ਆਏ ਇੱਕ ਮਾਮਲੇ ਵਿੱਚ ਕੀਤੀ ਗਈ ਹੈ ਜੋ ਕਿ ਉੱਚ-ਪੱਧਰੀ ਲਗਜ਼ਰੀ ਵਾਹਨਾਂ ਦੀ ਕਥਿਤ ਤਸਕਰੀ ਅਤੇ ਅਣਅਧਿਕਾਰਤ ਵਿਦੇਸ਼ੀ ਮੁਦਰਾ ਸੌਦਿਆਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਹ ਛਾਪੇ ਭਾਰਤ-ਭੂਟਾਨ/ਨੇਪਾਲ ਰੂਟਾਂ ਰਾਹੀਂ ਲੈਂਡ ਕਰੂਜ਼ਰ, ਡਿਫੈਂਡਰ ਅਤੇ Maserati ਵਰਗੀਆਂ ਲਗਜ਼ਰੀ ਕਾਰਾਂ ਦੀ ਗੈਰ-ਕਾਨੂੰਨੀ ਦਰਾਮਦ ਅਤੇ ਰਜਿਸਟਰੇਸ਼ਨ ਵਿੱਚ ਲੱਗੇ ਸਿੰਡੀਕੇਟ ਦਾ ਪਰਦਾਫਾਸ਼ ਕਰਨ ਵਾਲੀ ਜਾਣਕਾਰੀ ’ਤੇ ਅਧਾਰਤ ਹਨ।
ਅਧਿਕਾਰੀਆਂ ਅਨੁਸਾਰ ਸ਼ੁਰੂਆਤੀ ਜਾਂਚ ਕੋਇੰਬਟੂਰ-ਅਧਾਰਤ ਨੈੱਟਵਰਕ ਵੱਲ ਇਸ਼ਾਰਾ ਕਰਦੀ ਹੈ, ਜੋ ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਹੋਰ ਰਾਜਾਂ ਵਿੱਚ ਜਾਅਲੀ ਦਸਤਾਵੇਜ਼ਾਂ (ਭਾਰਤੀ ਫੌਜ, ਅਮਰੀਕੀ ਦੂਤਾਵਾਸ ਅਤੇ ਵਿਦੇਸ਼ ਮੰਤਰਾਲੇ ਤੋਂ ਹੋਣ ਦਾ ਦਾਅਵਾ) ਅਤੇ ਧੋਖਾਧੜੀ ਵਾਲੇ ਆਰਟੀਓ ਰਜਿਸਟਰੇਸ਼ਨਾਂ ਦੀ ਵਰਤੋਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਗਰੋਂ ਇਨ੍ਹਾਂ ਵਾਹਨਾਂ ਨੂੰ ਫਿਲਮੀ ਹਸਤੀਆਂ ਸਮੇਤ ਉੱਚ-ਨੈੱਟਵਰਥ (HNI) ਵਿਅਕਤੀਆਂ ਨੂੰ ਘੱਟ ਕੀਮਤਾਂ ’ਤੇ ਵੇਚ ਦਿੱਤਾ ਗਿਆ ਸੀ।