ਲਵ ਜਿਹਾਦ ਕੇਸ: ਮੁਕੱਦਮਾ ਵਾਪਸ ਲੈਣ ਧਮਕੀ ਦੇਣ ਵਾਲੇ 'ਲਵ ਜਿਹਾਦ' ਦੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ
ਉੱਤਰ ਪ੍ਰਦੇਸ਼ ਦੇ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ ਇੱਕ ਔਰਤ ਨੂੰ ਮੁਕੱਦਮਾ ਵਾਪਸ ਲੈਣ ਲਈ ਧਮਕੀ ਦੇ ਰਹੇ 'ਲਵ ਜਿਹਾਦ' ਦੇ ਦੋਸ਼ੀ ਖ਼ਿਲਾਫ਼ ਪੀੜਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ। ਪੁਲੀਸ ਦੇ ਇੱਕ ਅਧਿਕਾਰੀ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਨੇ ਦੱਸਿਆ ਕਿ ਔਰਤ ਨੇ ਬਿਸਰਖ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਦੋਸ਼ ਲਗਾਇਆ ਕਿ ਦੋਸ਼ੀ ਪਹਿਲਾਂ ਵੀ 'ਲਵ ਜਿਹਾਦ' ਦੇ ਦੋਸ਼ ਵਿੱਚ ਜੇਲ੍ਹ ਜਾ ਚੁੱਕਾ ਹੈ। ਔਰਤ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਦੋਸ਼ੀ ਆਪਣਾ ਧਰਮ ਲੁਕਾ ਕੇ ਔਰਤਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਸੀ, ਉਨ੍ਹਾਂ ਨਾਲ ਕਥਿਤ ਤੌਰ 'ਤੇ ਦੁਸ਼ਕਰਮ (ਜਬਰ ਜਨਾਹ) ਕਰਦਾ ਸੀ, ਧਰਮ ਪਰਿਵਰਤਨ ਕਰਨ ਲਈ ਦਬਾਅ ਬਣਾਉਂਦਾ ਸੀ ਅਤੇ ਘਟਨਾ ਦੇ ਵੀਡੀਓ ਵਾਇਰਲ ਕਰਕੇ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਸੀ।
ਬਿਸਰਖ ਥਾਣਾ ਇੰਚਾਰਜ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਬੀਤੀ ਰਾਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਦੇ ਆਧਾਰ 'ਤੇ ਹਾਰੂਨ ਖਾਨ ਨਾਂ ਦੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।
ਅਧਿਕਾਰੀ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਹਾਰੂਨ ਖਾਨ, ਰਾਜੂ ਖਾਨ, ਸਿਕੰਦਰ, ਕਪਿਲ ਖਾਨ, ਸ਼ਾਹਾਨਾ ਖਾਨ, ਗੁੜੀਆ ਅਤੇ ਉਸ ਦੇ ਦੋ ਅਣਪਛਾਤੇ ਰਿਸ਼ਤੇਦਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।
