7 BMW ਕਾਰਾਂ ਖਰੀਦਣ ਲਈ ਟੈਂਡਰ ਜਾਰੀ ਕਰਨ ’ਤੇ ਲੋਕਪਾਲ ਦੀ ਨਿੰਦਾ
ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਸਵਾਲ ਕੀਤਾ ਕਿ ਜਦੋਂ ਸੁਪਰੀਮ ਕੋਰਟ ਦੇ ਜੱਜਾਂ ਨੂੰ ਸਾਧਾਰਨ ਸੇਡਾਨ ਕਾਰਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ, ਤਾਂ ਲੋਕਪਾਲ ਦੇ ਚੇਅਰਮੈਨ ਅਤੇ ਛੇ ਮੈਂਬਰਾਂ ਨੂੰ BMW ਕਾਰਾਂ ਦੀ ਕੀ ਲੋੜ ਹੈ।
ਚਿਦੰਬਰਮ ਨੇ ‘ਐਕਸ’ (X) 'ਤੇ ਕਿਹਾ, ‘‘ਇਨ੍ਹਾਂ ਕਾਰਾਂ ਨੂੰ ਖਰੀਦਣ ਲਈ ਸਰਕਾਰੀ ਪੈਸਾ ਕਿਉਂ ਖਰਚ ਕੀਤਾ ਜਾਵੇ? ਮੈਨੂੰ ਉਮੀਦ ਹੈ ਕਿ ਲੋਕਪਾਲ ਦੇ ਘੱਟੋ-ਘੱਟ ਇੱਕ ਜਾਂ ਦੋ ਮੈਂਬਰਾਂ ਨੇ ਇਨ੍ਹਾਂ ਕਾਰਾਂ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਹੋਵੇਗਾ, ਜਾਂ ਇਨਕਾਰ ਕਰ ਦੇਣਗੇ।’’
ਸੀਨੀਅਰ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਵੀ ਇਸ ਕਦਮ ਦੀ ਆਲੋਚਨਾ ਕੀਤੀ ਅਤੇ ਲੋਕਪਾਲ 'ਤੇ ਤਿੱਖਾ ਤਨਜ਼ ਕੱਸਿਆ।
ਸਿੰਘਵੀ ਨੇ 'ਐਕਸ' 'ਤੇ ਕਿਹਾ, ‘‘ਮੈਂ ਲੋਕਪਾਲ ਬਾਰੇ ਸੰਸਦੀ ਕਮੇਟੀ ਦੀ ਪ੍ਰਧਾਨਗੀ ਕੀਤੀ ਸੀ। ਡਾ. ਐੱਲ.ਐੱਮ. ਸਿੰਘਵੀ ਨੇ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਲੋਕਪਾਲ ਦਾ ਵਿਚਾਰ ਪਹਿਲੀ ਵਾਰ ਪੇਸ਼ ਕੀਤਾ ਸੀ। ਇਸ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੂੰ ਹੁਣ ਇਸ ਦੇ ਮੈਂਬਰਾਂ ਲਈ BMW ਕਾਰਾਂ ਦਾ ਆਰਡਰ ਦਿੰਦੇ ਵੇਖਣਾ ਇੱਕ ਤ੍ਰਾਸਦੀ ਹੈ, ਇਮਾਨਦਾਰੀ ਦੇ ਰਾਖੇ ਕਾਨੂੰਨ ਲਾਗੂ ਕਰਨ ਦੀ ਬਜਾਏ ਲਗਜ਼ਰੀ ਦੇ ਪਿੱਛੇ ਭੱਜ ਰਹੇ ਹਨ।’’
ਇੱਕ ਹੋਰ ਪੋਸਟ ਵਿੱਚ, ਉਨ੍ਹਾਂ ਕਿਹਾ, ‘‘8,703 ਸ਼ਿਕਾਇਤਾਂ, ਸਿਰਫ਼ 24 ਜਾਂਚਾਂ, 6 ਮੁਕੱਦਮੇ ਚਲਾਉਣ ਦੀਆਂ ਮਨਜ਼ੂਰੀਆਂ ਅਤੇ ਹੁਣ, ਹਰੇਕ ਨੂੰ 70 ਲੱਖ ਰੁਪਏ ਦੀਆਂ BMW ਕਾਰਾਂ। ਜੇ ਇਹ ਸਾਡੀ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨ ਸੰਸਥਾ ਹੈ, ਤਾਂ ਇਹ ਚੀਤੇ (panther) ਦੀ ਬਜਾਏ ਇੱਕ ਪੂਡਲ (ਕਮਜ਼ੋਰ) ਜ਼ਿਆਦਾ ਹੈ!"