Monsoon Session: ਲੋਕ ਸਭਾ ਤੇ ਰਾਜ ਸਭਾ ਪੂਰੇ ਦਿਨ ਲਈ ਮੁਲਤਵੀ
ਵਿਰੋਧੀ ਧਿਰਾਂ ਵੱਲੋਂ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਤੇ ਹੋਰਨਾਂ ਮੁੁੱਦਿਆਂਨੂੰ ਲੈ ਕੇ ਪਾਏ ਰੌਲੇ ਰੱਪੇ ਮਗਰੋਂ ਸੰਸਦ ਦੇ ਦੋਵਾਂ ਸਦਨਾਂ ਦੀ ਕਾਰਵਾਈ ਵਿਚ ਅੱਜ ਤਿੰਨ ਵਾਰ ਅੜਿੱਕਾ ਪਿਆ ਤੇ ਦੋਵਾਂ ਸਦਨਾਂ ਦੀ ਕਾਰਵਾਈ ਮਗਰੋਂ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਇਸ ਤੋਂ ਪਹਿਲਾਂ ਦੋਵਾਂ ਸਦਨਾਂ ਦੀ ਕਾਰਵਾਈ ਪਹਿਲਾਂ 12 ਵਜੇ, ਮਗਰੋਂ 2 ਵਜੇ ਤੱਕ ਤੇ ਫ਼ਿਰ ਲੋਕ ਸਭਾ ਦੀ 4 ਵਜੇ ਤੇ ਰਾਜ ਸਭਾ ਦੀ 4:30 ਵਜੇ ਤੱਕ ਮੁਲਤਵੀ ਕੀਤੀ ਗਈ ਸੀ। ਲੋਕ ਸਭਾ 4 ਵਜੇ ਮੁੜ ਜੁੜੀ ਤਾਂ ਵਿਰੋਧੀ ਧਿਰਾਂ ਦੇ ਮੈਂਬਰ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ ਖਿਲਾਫ਼ ਚਰਚਾ ਦੀ ਮੰਗ ਨੂੰ ਲੈ ਕੇ ਬਜ਼ਿੱਦ ਰਹੇ, ਜਿਸ ਕਰਕੇ ਹੇਠਲੇ ਸਦਨ ਦੀ ਕਾਰਵਾਈ ਪੂਰੇ ਦਿਨ ਲਈ ਮੁਅੱਤਲ ਕਰ ਦਿੱਤੀ ਗਈ। ਉਧਰ ਰਾਜ ਸਭਾ ਸਾਢੇ ਚਾਰ ਵਜੇ ਮੁੜ ਜੁੜੀ ਤਾਂ ਵਿਰੋਧੀ ਧਿਰਾਂ ਵੱਲੋਂ ਨਾਅਰੇਬਾਜ਼ੀ ਜਾਰੀ ਰਹੀ ਜਿਸ ਕਰਕੇ ਕੁਝ ਮਿੰਟਾਂ ਅੰਦਰ ਹੀ ਸਦਨ ਦਿਨ ਭਰ ਲਈ ਚੁੱਕ ਦਿੱਤਾ ਗਿਆ।
ਵੀਰਵਾਰ ਨੂੰ ਦੁਪਹਿਰ ਦੇ ਖਾਣੇ ਤੋਂ ਪਹਿਲਾਂ ਦੇ ਸੈਸ਼ਨ ਵਿੱਚ ਰਾਜ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੀ ਗਈ ਕਿਉਂਕਿ ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਦੇ ਬਿਹਾਰ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ’ਤੇ ਚਰਚਾ ਦੀ ਮੰਗ ਕਰਦੇ ਹੋਏ ਸਦਨ ਵਿੱਚ ਵਿਘਨ ਪਾਇਆ। ਕਾਂਗਰਸ, ਟੀਐਮਸੀ ਅਤੇ ਡੀਐਮਕੇ ਦੀ ਅਗਵਾਈ ਵਾਲੀ ਵਿਰੋਧੀ ਧਿਰ ਵੱਲੋਂ ਚਰਚਾ ਲਈ ਸਮਾਂ ਨਿਰਧਾਰਤ ਕਰਨ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੇ ਜਾਣ ਮਗਰੋਂ ਸਦਨ ਦੀ ਕਾਰਵਾਈ ਪਹਿਲਾਂ 1200 ਵਜੇ ਤੱਕ ਅਤੇ ਫਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਸਵੇਰ ਦੇ ਸੈਸ਼ਨ ਵਿੱਚ, ਡਿਪਟੀ ਚੇਅਰਮੈਨ ਹਰੀਵੰਸ਼ ਨੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਬਾਅਦ ਕਾਰਵਾਈ ਵਿਚ ਅੜਿੱਕੇ ਕਰਕੇ ਸਮੇਂ ਦੀ ਘਾਟ ਦਾ ਹਵਾਲਾ ਦਿੱਤਾ ਅਤੇ ਸੰਸਦ ਮੈਂਬਰਾਂ ਨੂੰ ਸੂਚੀਬੱਧ ਕੰਮ ਸ਼ੁਰੂ ਕਰਨ ਦੀ ਆਗਿਆ ਦੇਣ ਲਈ ਕਿਹਾ।
ਪਰ ਵਿਰੋਧੀ ਪਾਰਟੀਆਂ SIR ’ਤੇ ਚਰਚਾ ਲਈ ਸਮਾਂ ਅਤੇ ਤਰੀਕ ਲਈ ਦਬਾਅ ਪਾਉਂਦੀਆਂ ਰਹੀਆਂ। ਹਰੀਵੰਸ਼ ਨੇ ਕਿਹਾ ਕਿ ਵਿਰੋਧੀ ਧਿਰ ਅਤੇ ਸੱਤਾਧਾਰੀ ਬੈਂਚਾਂ ਨੂੰ ਇਕੱਠੇ ਬੈਠ ਕੇ ਇਸ ਮੁੱਦੇ 'ਤੇ ਫੈਸਲਾ ਲੈਣਾ ਚਾਹੀਦਾ ਹੈ। ਪਰ ਇਸ ਅਪੀਲ ਦਾ ਵਿਰੋਧੀ ਧਿਰਾਂ ’ਤੇ ਕੋਈ ਅਸਰ ਨਹੀਂ ਹੋਇਆ ਤੇ ਉਨ੍ਹਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਮੈਂਬਰਾਂ ਨੇ ਰੌਲਾ ਰੱਪਾ ਜਾਰੀ ਰੱਖਿਆ ਤਾਂ ਸਦਨ ਦੀ ਕਾਰਵਾਈ 1200 ਵਜੇ ਤੱਕ ਮੁਲਤਵੀ ਕਰ ਦਿੱਤੀ। ਜਦੋਂ ਸਦਨ ਮੁੜ ਜੁੜਿਆ, ਤਾਂ ਵਿਰੋਧੀ ਧਿਰ ਦੇ ਸੰਸਦ ਮੈਂਬਰ SIR 'ਤੇ ਚਰਚਾ ਦੀ ਆਪਣੀ ਮੰਗ ’ਤੇ ਬਜ਼ਿੱਦ ਰਹੇ।
ਘਨਸ਼ਿਆਮ ਤਿਵਾੜੀ, ਜੋ ਉਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਸਨ, ਨੇ ਪ੍ਰਦਰਸ਼ਨਕਾਰੀ ਸੰਸਦ ਮੈਂਬਰਾਂ ਨੂੰ ਸਦਨ ਵਿੱਚ ਸ਼ਿਸ਼ਟਾਚਾਰ ਬਣਾਈ ਰੱਖਣ ਅਤੇ ਪ੍ਰਸ਼ਨ ਕਾਲ ਨੂੰ ਚੱਲਣ ਦੇਣ ਦੀ ਅਪੀਲ ਕੀਤੀ। ਹਾਲਾਂਕਿ, ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਜਾਰੀ ਰੱਖੀ। ਕੁਝ ਟੀਐਮਸੀ ਮੈਂਬਰ ਵੀ ਸਦਨ ਦੇ ਐਨ ਵਿਚਾਲੇ ਆ ਗਏ ਅਤੇ ਆਪਣੀ ਨਾਅਰੇਬਾਜ਼ੀ ਜਾਰੀ ਰੱਖੀ। ਰੌਲੇ-ਰੱਪੇ ਦੇ ਵਿਚਕਾਰ, ਸਭਾਪਤੀ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ।
ਉਧਰ ਵਿਰੋਧੀ ਧਿਰ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਲੋਕ ਸਭਾ ਦੀ ਕਾਰਵਾਈ ਵੀ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਕੁਝ ਵਿਰੋਧੀ ਮੈਂਬਰ ਮੁੱਦੇ ਉਠਾਉਣ ਦੀ ਕੋਸ਼ਿਸ਼ ਕਰਦੇ ਹੋਏ ਸਦਨ ਦੇ ਵਿਚਕਾਰ ਨਾਅਰੇਬਾਜ਼ੀ ਕਰ ਰਹੇ ਸਨ। ਸਪੀਕਰ ਓਮ ਬਿਰਲਾ ਨੇ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਨਾਅਰੇਬਾਜ਼ੀ ਬੰਦ ਕਰਨ ਅਤੇ ਆਪਣੀਆਂ ਸੀਟਾਂ ’ਤੇ ਵਾਪਸ ਜਾਣ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ, ‘‘ਤੁਸੀਂ (ਵਿਰੋਧੀ ਮੈਂਬਰ) ਮੁੱਦਿਆਂ ’ਤੇ ਚਰਚਾ ਨਹੀਂ ਕਰਨਾ ਚਾਹੁੰਦੇ?’’ ਉਨ੍ਹਾਂ ਇਹ ਵੀ ਪੁੱਛਿਆ ਕਿ ਕੀ ਲੋਕਾਂ ਨੇ ਉਨ੍ਹਾਂ ਨੂੰ ਸਦਨ ਵਿੱਚ ਨਾਅਰੇਬਾਜ਼ੀ ਕਰਨ ਲਈ ਚੁਣਿਆ ਹੈ। ਸ੍ਰੀ ਬਿਰਲਾ ਨੇ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰਨ ਤੋਂ ਪਹਿਲਾਂ ਕਿਹਾ ਸਦਨ ਮੁੱਦਿਆਂ 'ਤੇ ਚਰਚਾ ਕਰਨ ਲਈ ਹੈ ਅਤੇ ਮੈਂਬਰਾਂ ਦਾ ਵਿਵਹਾਰ ਢੁਕਵਾਂ ਨਹੀਂ ਹੈ। ਇਸ ਤੋਂ ਪਹਿਲਾਂ ਸਦਨ ਨੇ ਵਿਗਿਆਨੀਆਂ ਨੂੰ ਇੱਕ GSLV ਰਾਕੇਟ ਦੀ ਸਫਲ ਉਡਾਣ ਲਈ ਵਧਾਈ ਦਿੱਤੀ ਜਿਸ ਨੇ ਇਸਰੋ ਅਤੇ ਨਾਸਾ ਦੁਆਰਾ ਸਾਂਝੇ ਤੌਰ 'ਤੇ ਵਿਕਸਤ ਕੀਤੇ ਇੱਕ ਧਰਤੀ ਨਿਰੀਖਣ ਉਪਗ੍ਰਹਿ ਨੂੰ ਰੱਖਿਆ।