ਹਰਿਆਣਾ ਵਾਂਗ ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਛੱਤੀਸਗੜ੍ਹ ਵਿਚ ਵੀ ‘ਵੋਟ ਚੋਰੀ’ ਹੋਈ: ਰਾਹੁਲ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ‘ਵੋਟ ਚੋਰੀ’ ਉੱਤੇ ਪਰਦਾ ਪਾਉਣ ਤੇ ਇਸ ਨੂੰ ਕਾਨੂੰਨੀ ਤੌਰ ’ਤੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਹੈ। ਗਾਂਧੀ ਸ਼ਨਿੱਚਰਵਾਰ ਨੂੰ ਮੱਧ ਪ੍ਰਦੇਸ਼ ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦੇ ਸਿਖਲਾਈ ਕੈਂਪ ਲਈ ਨਰਮਦਾਪੁਰਮ ਦੇ ਪਚਮੜ੍ਹੀ ਪਹਾੜੀ ਕਸਬੇ ਵਿਚ ਪਹੁੰਚੇ ਸਨ।
ਕਾਂਗਰਸ ਸੰਸਦ ਮੈਂਬਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ, ‘‘ਵੋਟ ਚੋਰੀ ਇੱਕ ਮੁੱਦਾ ਹੈ ਅਤੇ ਹੁਣ ਇਸ ’ਤੇ ਪਰਦਾ ਪਾਉਣ ਤੇ SIR ਨੂੰ ਸੰਸਥਾਵਤ (ਕਾਨੂੰਨੀ ਰੂਪ ਵਿਚ ਵੈਧ) ਬਣਾਉਣ ਦੀ ਗੱਲ ਹੋ ਰਹੀ ਹੈ।’’ ਚੋਣ ਕਮਿਸ਼ਨ ਵੱਲੋਂ ਨੌਂ ਰਾਜਾਂ ਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (SIR) ਦਾ ਅਮਲ 4 ਨਵੰਬਰ ਤੋਂ ਸ਼ੁਰੂ ਹੋ ਗਿਆ ਹੈ।
ਗਾਂਧੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਰਿਆਣਾ ਵਾਂਗ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਵਿੱਚ ਵੀ ‘ਵੋਟ ਚੋਰੀ’ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ, ‘ਕੁਝ ਦਿਨ ਪਹਿਲਾਂ, ਮੈਂ ਹਰਿਆਣਾ ਬਾਰੇ ਇੱਕ ਪੇਸ਼ਕਾਰੀ ਦਿੱਤੀ ਸੀ, ਅਤੇ ਮੈਂ ਸਪੱਸ਼ਟ ਤੌਰ ’ਤੇ ਦੇਖਿਆ ਕਿ ਵੋਟ ਚੋਰੀ ਹੋ ਰਹੀ ਸੀ... 25 ਲੱਖ ਵੋਟਾਂ ਚੋਰੀ ਹੋਈਆਂ, ਭਾਵ 8 ਵਿੱਚੋਂ 1 ਵੋਟ ਚੋਰੀ ਹੋਈ।’’ ਉਨ੍ਹਾਂ ਦੋਸ਼ ਲਗਾਇਆ, ‘‘ਇਹ ਦੇਖਣ ਤੋਂ ਬਾਅਦ, ਡੇਟਾ ਦੇਖਣ ਤੋਂ ਬਾਅਦ, ਮੇਰਾ ਮੰਨਣਾ ਹੈ ਕਿ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਵਿੱਚ ਵੀ ਅਜਿਹਾ ਹੀ ਹੋਇਆ। ਅਤੇ ਇਹ ਭਾਜਪਾ ਅਤੇ ਚੋਣ ਕਮਿਸ਼ਨ ਦੀ ਵਿਵਸਥਾ ਹੈ।’’
ਗਾਂਧੀ ਨੇ ਦਾਅਵਾ ਕੀਤਾ, ‘‘ਸਾਡੇ ਕੋਲ ਹੋਰ ਸਬੂਤ ਹਨ, ਜੋ ਅਸੀਂ ਹੌਲੀ-ਹੌਲੀ ਪ੍ਰਦਾਨ ਕਰਾਂਗੇ। ਪਰ ਮੇਰਾ ਮੁੱਦਾ ਵੋਟ ਚੋਰੀ ਦਾ ਹੈ। ਹੁਣ SIR, ਇਸ (ਵੋਟੀ ਚੋਰੀ) ’ਤੇ ਪਰਦਾ ਪਾਉਣ ਅਤੇ ਸਿਸਟਮ ਨੂੰ ਸੰਸਥਾਗਤ ਬਣਾਉਣ ਬਾਰੇ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਭਵਿੱਖ ਵਿੱਚ ਅਜਿਹੇ ਹੋਰ ਖੁਲਾਸੇ ਕਰਨਗੇ ਗਾਂਧੀ ਨੇ ਕਿਹਾ ਕਿ ਉਨ੍ਹਾਂ ਕੋਲ ‘ਬਹੁਤ ਸਾਰੀ ਵੱਖਰੀ ਤੇ ਵਿਆਪਕ ਜਾਣਕਾਰੀ ਹੈ’ ਜਿਸ ਨੂੰ ਜਲਦੀ ਜਾਰੀ ਕਰਨਗੇ। ਗਾਂਧੀ ਨੇ ਕਿਹਾ, ‘‘ਅਜੇ ਤਾਂ ਬਹੁਤ ਥੋੜ੍ਹਾ ਦਿਖਾਇਆ ਗਿਆ ਹੈ।’’
ਗਾਂਧੀ ਦੇ ਦੋਸ਼ ਲਾਇਆ, ‘‘ਪਰ ਮੇਰਾ ਮੁੱਦਾ ਇਹ ਹੈ ਕਿ ਲੋਕਤੰਤਰ ’ਤੇ ਹਮਲਾ ਕੀਤਾ ਜਾ ਰਿਹਾ ਹੈ, ਅੰਬੇਡਕਰ ਦੇ ਸੰਵਿਧਾਨ ’ਤੇ ਹਮਲਾ ਕੀਤਾ ਜਾ ਰਿਹਾ ਹੈ। (ਪ੍ਰਧਾਨ ਮੰਤਰੀ) ਮੋਦੀ ਜੀ, (ਕੇਂਦਰੀ ਗ੍ਰਹਿ ਮੰਤਰੀ) ਅਮਿਤ ਸ਼ਾਹ ਜੀ ਅਤੇ (ਮੁੱਖ ਚੋਣ ਕਮਿਸ਼ਨਰ) ਗਿਆਨੇਸ਼ ਜੀ ਇੱਕ ਸਾਂਝੀ ਜੁੰਡਲੀ ਬਣਾ ਕੇ ਇਹ ਸਿੱਧੇ ਤੌਰ ’ਤੇ ਅਜਿਹਾ ਕਰ ਰਹੇ ਹਨ। ਅਤੇ ਇਸ ਕਾਰਨ, ਦੇਸ਼ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਭਾਰਤ ਮਾਤਾ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।’’ ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਮੱਧ ਪ੍ਰਦੇਸ਼ ਵਿੱਚ ਕਾਂਗਰਸ ਜ਼ਿਲ੍ਹਾ ਪ੍ਰਧਾਨਾਂ ਦੀ ਸਿਖਲਾਈ ਦੌਰਾਨ ਚੰਗੀ ਪ੍ਰਤੀਕਿਰਿਆ ਮਿਲੀ ਹੈ।
